ਸਾਊਦੀ ਅਰਬ ‘ਚ ਮੌਤ ਦੀ ਸਜ਼ਾ ਭੁਗਤ ਰਹੇ ਮੁਕਤਸਰ ਜ਼ਿਲ੍ਹੇ ਦੇ ਪਿੰਡ ਮੱਲਣ ਦੇ ਬਲਵਿੰਦਰ ਸਿੰਘ ਪੁੱਤਰ ਕਰਮ ਸਿੰਘ ਦੀ ਜਾਨ ਬਚਣ ਦੀ ਆਸ ਅੱਜ ਉਸ ਵੇਲੇ ਬੱਝੀ ਜਦੋਂ ਕੌਮਾਂਤਰੀ ਪੱਧਰ ਦੇ ਨਾਮਵਰ ਸਮਾਜ ਸੇਵੀ ਅਤੇ ਸਰਬੱਤ ਦਾ ਭਲਾ ਚੈਰੀਟੇਬਲ ਦੇ ਬਾਨੀ ਡਾ.ਐੱਸ.ਪੀ. ਸਿੰਘ ਓਬਰਾਏ ਵਲੋਂ ਉਸ ਦੀ ਬਲੱਡ ਮਨੀ ‘ਚੋਂ ਘੱਟਦੇ 20 ਲੱਖ ਰੁਪਏ ਦਾ ਐਲਾਨ ਕੀਤਾ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਡਾ.ਐੱਸ.ਪੀ. ਸਿੰਘ ਓਬਰਾਏ ਨੇ ਦੱਸਿਆ ਕਿ ਪਿਛਲੇ ਕੁਝ ਸਮੇਂ ਤੋਂ ਸੋਸ਼ਲ ਮੀਡੀਆ ‘ਤੇ ਸਾਊਦੀ ਅਰਬ ‘ਚ ਬਲਵਿੰਦਰ ਸਿੰਘ ਦਾ ਸਿਰ ਕਲਮ ਕਰਨ ਦੀ ਖ਼ਬਰ ਚੱਲਣ ਉਪਰੰਤ ਬਲਵਿੰਦਰ ਸਿੰਘ ਦੇ ਪਰਿਵਾਰਕ ਮੈਂਬਰਾਂ ਨੇ ਉਨ੍ਹਾਂ ਨਾਲ ਸੰਪਰਕ ਕਰ ਕੇ ਉਨ੍ਹਾਂ ਨੂੰ ਬਲਵਿੰਦਰ ਦੀ ਜਾਨ ਬਚਾਉਣ ਲਈ ਲੋੜੀਂਦੀ ਦੋ ਕਰੋੜ ਰੁਪਏ ਦੀ ਬਲੱਡ ਮਨੀ ਦੇਣ ਲਈ ਅਪੀਲ ਕੀਤੀ ਸੀ, ਜਿਸ ‘ਤੇ ਉਨ੍ਹਾਂ ਆਪਣੇ ਵਲੋਂ ਲੜੇ ਜਾ ਰਹੇ ਅਜਿਹੇ ਅਨੇਕਾਂ ਹੋਰਨਾਂ ਕੇਸਾਂ ਦਾ ਹਵਾਲਾ ਦਿੰਦਿਆਂ ਪੀੜਤ ਪਰਿਵਾਰ ਨੂੰ ਸਾਰੀ ਰਕਮ ਦੇਣ ਤੋਂ ਆਪਣੀ ਅਸਮਰੱਥਾ ਜ਼ਾਹਿਰ ਕੀਤੀ ਸੀ।
ਉਨ੍ਹਾਂ ਦੱਸਿਆ ਕਿ ਹੁਣ ਮੁੜ ਬਲਵਿੰਦਰ ਸਿੰਘ ਦੇ ਭਰਾ ਜੋਗਿੰਦਰ ਸਿੰਘ ਨੇ ਉਨ੍ਹਾਂ ਨਾਲ ਫੋਨ ‘ਤੇ ਸੰਪਰਕ ਕਰਕੇ ਦੱਸਿਆ ਕਿ ਉਨ੍ਹਾਂ ਨੂੰ ਭਾਰਤ ਅੰਦਰ ਵੱਖ-ਵੱਖ ਥਾਵਾਂ ਤੋਂ ਲੋਕਾਂ ਵਲੋਂ ਭੇਜੇ ਗਏ ਪੈਸਿਆਂ ਨਾਲ ਕਰੀਬ ਡੇਢ ਕਰੋੜ ਰੁਪਿਆ ਇਕੱਠਾ ਹੋ ਗਿਆ ਹੈ।
ਪਰਿਵਾਰ ਅਨੁਸਾਰ ਬਲਵਿੰਦਰ ਦੀ ਕੰਮ ਕਰਨ ਵਾਲੀ ਕੰਪਨੀ ਨੇ ਵੀ ਕੁਝ ਆਪਣਾ ਹਿੱਸਾ ਪਾਉਣ ਦਾ ਵਾਅਦਾ ਕੀਤਾ ਹੈ, ਜਿਸ ਤੋਂ ਬਾਅਦ ਕਰੀਬ ਵੀਹ ਲੱਖ ਰੁਪਏ ਹੋਰ ਲੋੜੀਂਦੇ ਹਨ।ਡਾ.ਓਬਰਾਏ ਨੇ ਕਿਹਾ ਕਿ ਉਕਤ ਵੀਹ ਲੱਖ ਰੁਪਏ ਉਹ ਆਪਣੇ ਵਲੋਂ ਸਬੰਧਿਤ ਅਦਾਲਤ ‘ਚ ਜਮ੍ਹਾਂ ਕਰਵਾ ਦੇਣਗੇ।ਉਨ੍ਹਾਂ ਇਹ ਵੀ ਦੱਸਿਆ ਕਿ ਸਾਊਦੀ ਅਰਬ ਦੀ ਅਦਾਲਤ ਨੇ ਪਰਿਵਾਰ ਨੂੰ ਇੱਕ ਖਾਤਾ ਨੰਬਰ ਦੇ ਕੇ ਉਸ ਖਾਤੇ ‘ਚ ਪੈਸੇ ਭੇਜਣ ਲਈ ਕਿਹਾ ਹੈ।
ਡਾ. ਓਬਰਾਏ ਨੇ ਕਿਹਾ ਕਿ ਉਨ੍ਹਾਂ ਨੂੰ ਪੂਰੀ ਆਸ ਹੈ ਕਿ ਪਿਛਲੇ ਨੌਂ ਸਾਲਾਂ ਤੋਂ ਸਜ਼ਾ ਭੁਗਤ ਰਿਹਾ ਬਲਵਿੰਦਰ ਸਿੰਘ ਜਲਦ ਰਿਹਾਅ ਹੋ ਕੇ ਆਪਣੇ ਪਰਿਵਾਰ ਕੋਲ ਪਹੁੰਚ ਜਾਵੇਗਾ।ਪੀੜਤ ਪਰਿਵਾਰ ਵਲੋਂ ਬਲਵਿੰਦਰ ਸਿੰਘ ਦੇ ਭਰਾ ਜੋਗਿੰਦਰ ਸਿੰਘ ਨੇ ਡਾ.ਐੱਸ.ਪੀ ਸਿੰਘ ਓਬਰਾਏ ਦੇ ਇਸ ਵੱਡੇ ਉਪਕਾਰ ਲਈ ਉਨ੍ਹਾਂ ਦਾ ਧੰਨਵਾਦ ਕੀਤਾ ਹੈ।