ਕਾਂਗਰਸ ‘ਚ ਲੰਬੇ ਸਮੇਂ ਤੋਂ ਚੱਲ ਰਹੇ ਕਲੇਸ਼ ਨੂੰ ਲੈ ਕੇ ਹਾਈਕਮਾਨ ਦੇ ਵੱਲੋਂ 3 ਮੈਂਬਰੀ ਕਮੇਟੀ ਬਣਾਈ ਗਈ ਸੀ ਪਰ 5 ਦਿਨ ਲਗਾਤਾਰ ਪੁੱਛਗਿੱਛ ਤੋਂ ਬਾਅਦ ਵੀ ਨਵਜੋਤ ਸਿੱਧੂ ਅਤੇ ਕੈਪਟਨ ਅਮਰਿੰਦਰ ਸਿੰਘ ਵਿਚਾਲੇ ਚੱਲ ਰਹੀ ਨਰਾਜ਼ਗੀ ਹਾਲੇ ਤੱਕ ਖਤਮ ਨਹੀਂ ਹੋਈ | ਪਰ 2022 ਵਿਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਨੇੜੇ ਹੋਣ ਕਾਰਨ ਕਾਂਗਰਸ ਹਾਈਕਮਾਨ ਦੇ ਸੰਕਟ ਨੂੰ ਛੇਤੀ ਹੱਲ ਕਰਨ ਲਈ ਯਤਨਸ਼ੀਲ ਹੈ। ਮਿਲੀ ਜਾਣਕਾਰੀ ਅਨੁਸਾਰ ਹੁਣ ਪਾਰਟੀ ਪ੍ਰਧਾਨ ਸੋਨੀਆ ਗਾਂਧੀ ਵਲੋਂ ਕੀਤੇ ਜਾਣ ਵਾਲੇ ਫ਼ੈਸਲੇ ਦੀ ਘੜੀ ਆ ਗਈ ਹੈ। ਕਾਂਗਰਸ ਪਾਰਟੀ ਦੇ ਸੂਤਰਾਂ ਅਨੁਸਾਰ ਹੁਣ 20 ਜੂਨ ਨੂੰ ਸੋਨੀਆ ਗਾਂਧੀ ਨੇ ਪੰਜਾਬ ਦੇ ਵੱਡੇ ਕਾਂਗਰਸ ਨੇਤਾਵਾਂ ਨੂੰ ਦਿੱਲੀ ਸੱਦ ਲਿਆ ਹੈ।
ਇਨ੍ਹਾਂ ਨੇਤਾਵਾਂ ਵਿਚ ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕਾਂਗਰਸ ਸੂਬਾ ਪ੍ਰਧਾਨ ਸੁਨੀਲ ਜਾਖੜ ਸਾਬਕਾ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਤੇ ਨਵਜੋਤ ਸਿੰਘ ਸਿੱਧੂ ਦੇ ਨਾਂ ਸ਼ਾਮਲ ਦੱਸੇ ਜਾ ਰਹੇ ਹਨ। ਮੀਟਿੰਗ ਵਿਚ ਸ਼ਾਮਲ ਹੋਣ ਵਾਲੇ ਨੇਤਾਵਾਂ ਦੇ ਨਾਵਾਂ ਦੀ ਅਧਿਕਾਰਤ ਤੌਰ ’ਤੇ ਜਾਣਕਾਰੀ ਨਹੀਂ ਮਿਲੀ। ਪਤਾ ਲੱਗਾ ਹੈ ਕਿ ਇਸ ਮੀਟਿੰਗ ਦੇ ਬਾਅਦ ਸੋਨੀਆ ਗਾਂਧੀ ਵੱਡੇ ਨੇਤਾਵਾਂ ਵਿਚ ਸਹਿਮਤੀ ਬਣਾ ਕੇ ਅਪਣੇ ਫ਼ੈਸਲੇ ਦਾ ਐਲਾਨ ਕਰ ਸਕਦੇ ਹਨ।
ਇਸ ਤੋਂ ਪਹਿਲਾਂ ਪੰਜ ਦਿਨ ਦੀ ਸੁਣਵਾਈ ਤੋਂ ਬਾਅਦ ਪਾਰਟੀ ਵਲੋਂ ਗਠਤ ਖੜਗੇ ਕਮੇਟੀ ਦੀਆਂ ਸਿਫ਼ਾਰਸ਼ਾਂ ਦੀ ਰੀਪੋਰਟ ਪਾਰਟੀ ਪ੍ਰਧਾਨ ਨੂੰ ਸੌਂਪੇ ਜਾਣ ਤੋਂ ਬਾਅਦ ਰਾਹੁਲ ਗਾਂਧੀ ਕਮੇਟੀ ਦੇ ਮੈਂਬਰਾਂ ਨਾਲ ਵੀ ਮੀਟਿੰਗ ਕਰ ਚੁੱਕੇ ਹਨ ਤੇ ਹੁਣ ਸਿਰਫ਼ ਅੰਤਮ ਫ਼ੈਸਲਾ ਸੋਨੀਆ ਨੇ ਲੈਣਾ ਹੈ। ਚਰਚਾ ਇਹੀ ਹੈ ਕਿ ਕੈਪਟਨ ਅਮਰਿੰਦਰ ਸਿੰਘ ਦੀ ਪੁਜ਼ੀਸ਼ਨ ਨੂੰ ਕੋਈ ਖ਼ਤਰਾ ਨਹੀਂ ਪਰ ਸੂਬਾ ਕਾਂਗਰਸ ਪ੍ਰਧਾਨ ਬਦਲ ਕੇ ਪਾਰਟੀ ਸੰਗਠਨ ਵਿਚ ਵੱਡੇ ਫੇਰਬਦਲ ਦੇ ਨਾਲ ਕੈਪਟਨ ਮੰਤਰੀ ਮੰਡਲ ਵਿਚ ਵੀ ਲੋੜ ਮੁਤਾਬਕ ਥੋੜ੍ਹਾ ਫੇਰਬਦਲ ਹੋ ਸਕਦਾ ਹੈ।