ੴ
ਸਤਿਕਾਰਯੋਗ ਖਾਲਸਾ ਜੀ,
ਵਾਹਿਗੁਰੂ ਜੀ ਕਾ ਖਾਲਸਾ ॥
ਵਾਹਿਗੁਰੂ ਜੀ ਕੀ ਫ਼ਤਹਿ ॥
ਸੱਭ ਤੋਂ ਪਹਿਲਾਂ ਅਸੀਂ ਸਮੁੱਚੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਲਈ ਉਸ ਅਕਾਲ-ਪੁਰਖ ਵਾਹਿਗੁਰੂ ਜੀ ਅੱਗੇ ਅਰਦਾਸ ਕਰਦੇ ਹਾਂ। ਅੱਜ ਮੀਰੀ ਪੀਰੀ ਦੇ ਮਾਲਕ ਛੇਵੇਂ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਵਰੋਸਾਏ ਤਖ਼ਤ ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਦਾ ਸਥਾਪਨਾ ਦਿਵਸ ਹੈ। ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਜਿੱਥੇ ਖਾਲਸਾ ਪੰਥ ਦੀ ਆਜ਼ਾਦ ਪ੍ਰਭੂਸੱਤਾ ਦਾ ਪ੍ਤੀਕ ਹੈ, ਉਥੇ ਹੀ ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਦਾ ਹੁਕਮ ਹਰ ਸੱਚੇ ਸਿੱਖ ਲਈ ਇਲਾਹੀ ਹੁਕਮ ਦੀ ਤਰ੍ਹਾਂ ਹੁੰਦਾ ਹੈ। ਜੂਨ 1984 ਵਿੱਚ ਜਦੋਂ ਦੇਸ਼ ਦੇ ਕਾਂਗਰਸੀ ਹੁਕਮਰਾਨਾਂ ਨੇ ਖਾਲਸਾ ਪੰਥ ਦੇ ਪ੍ਰਭੂਸੱਤਾ ਦੇ ਪ੍ਤੀਕ ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਤੇ ਟੈਂਕਾਂ ਤੇ ਤੋਪਾਂ ਨਾਲ ਹਮਲਾ ਕਰਕੇ ਢਹਿ ਢੇਰੀ ਕੀਤਾ ਤਾਂ ਹਜਾਰਾਂ ਗੁਰੂ ਦੇ ਸੱਚੇ ਸਿੱਖ ਨੌਜਵਾਨਾਂ ਨੇ ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਮਾਣ ਸਨਮਾਨ ਲਈ ਆਪਣੀਆਂ ਸ਼ਹਾਦਤਾਂ ਦਿੱਤੀਆਂ ਅਤੇ ਕੌਮ ਦੇ ਮਾਣ ਸਨਮਾਨ ਲਈ ਆਪਣੇ ਘਰਾਂ ਤੋਂ ਗਏ ਅਤੇ ਅੱਜ ਵੀ ਜੇਲ੍ਹ ਦੀਆਂ ਕਾਲ ਕੋਠੜੀਆਂ ਵਿੱਚ ਬੰਦ ਹਨ। ਵੀਰਜੀ ਰਾਜੋਆਣਾ ਜੀ ਉਨ੍ਹਾਂ ਵਿੱਚੋਂ ਇੱਕ ਹਨ, ਜੋ 27 ਸਾਲਾਂ ਤੋਂ ਜੇਲ੍ਹ ਵਿੱਚ ਬੰਦ ਹਨ, 15 ਸਾਲਾਂ ਤੋਂ ਫਾਂਸੀ ਚੱਕੀ ਵਿੱਚ ਬੰਦ ਹਨ। 31 ਜੁਲਾਈ 2007 ਨੂੰ ਜਦੋਂ ਚੰਡੀਗੜ੍ਹ ਦੀ ਸ਼ੈਸਨ ਕੋਰਟ ਨੇ ਜਦੋਂ ਵੀਰਜੀ ਰਾਜੋਆਣਾ ਜੀ ਨੂੰ ਫਾਂਸੀ ਦੀ ਸਜ਼ਾ ਸੁਣਾਈ ਤਾਂ ਉਸ ਤੋ ਬਾਅਦ ਜੋ ਵਸੀਅਤ ਬਣਾਈ, ਉਹ ਵਸੀਅਤ ਦੇ ਰੂਪ ਦੇ ਵਿੱਚ ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਨੂੰ ਵੀਰਜੀ ਰਾਜੋਆਣਾ ਜੀ ਦਾ ਸਮਰਪਣ ਖਾਲਸਾ ਪੰਥ ਨਾਲ ਸਾਂਝਾ ਕਰ ਰਹੀ ਹਾਂ।
ੴ
ਕਬੀਰ ਮੇਰਾ ਮੁਝ ਮਹਿ ਕਿਛੁ ਨਹੀ
ਜੋ ਕਿਛੁ ਹੈ ਸੋ ਤੇਰਾ॥
ਤੇਰਾ ਤੁਝ ਕੋ ਸਉਪਤੇ
ਕਿਆ ਲਾਗੈ ਮੇਰਾ ॥
ਮੈਂ ਉਸ ਅਕਾਲ-ਪੁਰਖ ਪ੍ਰਮਾਤਮਾ ਨੂੰ ਹਾਜ਼ਰ ਨਾਜ਼ਰ ਜਾਣ ਕੇ ਇਹ ਬਿਆਨ ਕਰਦਾ ਹਾਂ ਕਿ ਮੇਰੀ ਮੌਤ ਤੋਂ ਬਾਅਦ ਮੇਰੇ ਸਰੀਰ ਦੇ ਉਹ ਸਾਰੇ ਅੰਗ ਜਿਹੜੇ ਕਿਸੇ ਦੂਸਰੇ ਇਨਸਾਨ ਦੇ ਕੰਮ ਆ ਸਕਦੇ ਹੋਣ, ਉਹ ਸਿੱਖਾਂ ਦੀ ਸਰਵ-ਉੱਚ ਅਦਾਲਤ ਸ਼੍ਰੀ ਅਕਾਲ ਤਖ਼ਤ ਸਾਹਿਬ ਨੂੰ ਸਮਰਪਿਤ ਹੋਣਗੇ।
ਮੇਰੀ ਇਹ ਇੱਛਾ ਹੈ ਕਿ ਮੇਰੀ ਮੌਤ ਤੋਂ ਬਾਅਦ ਮੇਰੀਆਂ ਅੱਖਾਂ ਸ਼੍ਰੀ ਦਰਬਾਰ ਸਾਹਿਬ ਸ਼੍ਰੀ ਹਰਿਮੰਦਰ ਸਾਹਿਬ ਜੀ ਦੇ ਹਜੂਰੀ ਰਾਗੀ ਭਾਈ ਲਖਵਿੰਦਰ ਸਿੰਘ (ਜੋ ਦੇਖ ਨਹੀਂ ਸਕਦੇ) ਨੂੰ ਮੇਰੀਆਂ ਅੱਖਾਂ ਦਿੱਤੀਆਂ ਜਾਣ ਤਾਂ ਕਿ ਮੇਰੀ ਮੌਤ ਤੋਂ ਬਾਅਦ ਵੀ ਮੇਰੀਆਂ ਅੱਖਾਂ ਉਸ ਪਵਿੱਤਰ ਅਸਥਾਨ ਦੇ ਦਰਸ਼ਨ ਕਰਦੀਆਂ ਰਹਿਣ। ਕਿਸੇ ਮੈਡੀਕਲ ਕਾਰਣ ਕਰਕੇ ਜਾਂ ਕਿਸੇ ਹੋਰ ਕਾਰਣ ਕਰਕੇ ਅਗਰ ਅਜਿਹਾ ਸੰਭਵ ਨਾ ਹੋ ਸਕੇ, ਤਾਂ ਫਿਰ ਮੇਰੀਆਂ ਅੱਖਾਂ ਕਿਸੇ ਦੂਸਰੇ ਜ਼ਰੂਰਤਮੰਦ ਇਨਸਾਨ ਨੂੰ ਦੇ ਦਿੱਤੀਆਂ ਜਾਣ।
ਇਸ ਤੋਂ ਇਲਾਵਾ ਮੇਰੇ ਸਰੀਰ ਦੇ ਹੋਰ ਜਿਹੜੇ ਵੀ ਅੰਗ ( ਦਿਲ, ਗੁਰਦਾ ਜਾਂ ਕੋਈ ਹੋਰ ਅੰਗ) ਜਿਹੜਾ ਕਿਸੇ ਦੂਸਰੇ ਇਨਸਾਨ ਦੇ ਕੰਮ ਆ ਸਕਦਾ ਹੋਵੇ, ਉਹ ਉਸ ਇਨਸਾਨ ਨੂੰ ਦੇ ਦਿੱਤਾ ਜਾਵੇ।
ਇਹ ਵਸੀਅਤ ਮੈਂ ਬਿਨਾਂ ਕਿਸੇ ਮਜਬੂਰੀ ਜਾਂ ਦਬਾਉ ਦੇ ਆਪਣੀ ਇੱਛਾ ਅਨੁਸਾਰ ਆਪਣੇ ਘਰਦਿਆਂ ਦੀ ਸਹਿਮਤੀ ਨਾਲ ਲਿਖ ਰਿਹਾ ਹਾਂ। ਇਹ ਵਸੀਅਤ ਮੈਂ ਆਪਣੀ ਭੈਣ ਬੀਬੀ ਕਮਲਦੀਪ ਕੌਰ ਪਤਨੀ ਬਲਜੀਤ ਸਿੰਘ, ਆਪਣੇ ਭਾਣਜੇ ਅਜੈਦੀਪ ਸਿੰਘ, ਭਾਣਜੀ ਹਰਨੂਰ ਕੌਰ, ਜੇਲ੍ਹ ਸੁਪਰਡੈਂਟ ਸ਼੍ਰੀ ਨਵਜੋਤਪਾਲ ਸਿੰਘ ਰੰਧਾਵਾ ਜੀ, ਮੈਡੀਕਲ ਅਫ਼ਸਰ ਡਾਕਟਰ ਸ਼੍ਰੀ ਬੀ.ਕੇ ਸਲਵਾਨ ਜੀ ਅਤੇ ਹੋਰ ਜੇਲ੍ਹ ਅਧਿਕਾਰੀਆਂ ਦੀ ਮੌਜੂਦਗੀ ਵਿੱਚ ਖੁਸ਼ੀ ਖੁਸ਼ੀ ਲਿਖ ਰਿਹਾ ਹਾਂ।
ਵੱਲੋਂ ਬਲਵੰਤ ਸਿੰਘ ਰਾਜੋਆਣਾ
ਮਾਡਲ ਜੇਲ੍ਹ ਚੰਡੀਗੜ੍ਹ।