ਰਾਜ ਸਭਾ ਮੈਂਬਰ ਪ੍ਰਤਾਪ ਬਾਜਵਾ ਨੇ ਇੱਕ ਵਾਰ ਫਿਰ ਤੋਂ ਮੁੱਖ ਮੰਤਰੀ ਕੈਪਟਨ ਨੂੰ ਘੇਰਿਆ। ਪ੍ਰਤਾਪ ਬਾਜਵਾ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਗੁਰਦਾਸਪੁਰ ’ਚ ਮੈਡੀਕਲ ਕਾਲਜ ਖੋਲ੍ਹਣ ਦਾ ਵਾਅਦਾ ਯਾਦ ਕਰਵਾਇਆ ਹੈ। ਬਾਜਵਾ ਨੇ ਮੁੱਖ ਮੰਤਰੀ ਕੈਪਟਨ ਨੂੰ ਚਿੱਠੀ ਲਿਖ ਕੇ ਵਾਅਦਾ ਯਾਦ ਕਰਾਇਆ ਕਿ ਮੁੱਖ ਮੰਤਰੀ ਨੇ 2018 ’ਚ ਗੁਰਦਾਸਪੁਰ ‘ਚ ਮੈਡੀਕਲ ਕਾਲਜ ਖੋਲ੍ਹਣ ਲਈ ਵਚਨਬੱਧਤਾ ਦੁਹਰਾਈ ਸੀ ਪਰ ਇਹ ਵਾਅਦਾ ਅਜੇ ਤੱਕ ਪੂਰਾ ਨਹੀਂ ਕੀਤਾ ਗਿਆ। ਬਾਜਵਾ ਨੇ ਕਿਹਾ ਕਿ ਗੁਰਦਾਸਪੁਰ ਵਾਸੀਆਂ ਦੀ ਇਹ ਲੰਬੇ ਸਮੇ ਤੋਂ ਮੰਗ ਹੈ ਕਿਉਂਕਿ ਨਾਜ਼ੁਕ ਹਾਲਾਤ ’ਚ ਮਰੀਜ਼ਾਂ ਨੂੰ ਅੰਮ੍ਰਿਤਸਰ ਹੀ ਜਾਣਾ ਪੈਂਦਾ ਹੈ। ਪ੍ਰਤਾਪ ਬਾਜਵਾ ਨੇ ਕਿਹਾ ਕਿ ਹੁਣ ਵੀ ਡੱਲਿਆ ਬੇਰਾਂ ਦਾ ਕੁਝ ਨਹੀਂ ਵਿਗੜਿਆ, ਮੁੱਖ ਮੰਤਰੀ ਜਲਦੀ ਆਪਣਾ ਕੀਤਾ ਵਾਅਦਾ ਪੂਰਾ ਕਰਨ। ਬਾਜਵਾ ਨੇ ਕਿਹਾ ਕਿ ਮੇਰੀ ਤਾਂ ਮੰਗ ਹੈ ਕਿ ਇਹ ਮੈਡੀਕਲ ਕਾਲਜ ਗੁਰਦਾਸਪੁਰ ਜ਼ਿਲ੍ਹੇ ਦੇ ਬਟਾਲਾ ਸ਼ਹਿਰ ’ਚ ਖੋਲ੍ਹਿਆ ਜਾਵੇ ਅਤੇ ਇਸ ਮੈਡੀਕਲ ਕਾਲਜ ਨੂੰ ਸ਼੍ਰੀ ਗੁਰੂ ਨਾਨਕ ਦੇਵ ਜੀ ਅਤੇ ਮਾਤਾ ਸੁਲੱਖਣੀ ਜੀ ਨੂੰ ਸਮਰਪਿਤ ਕਰਦਿਆਂ ਹੋਇਆ ਇਸ ਕਾਲਜ ਦਾ ਨਾਮ ਵੀ ਮਾਤਾ ਸੁਲੱਖਣੀ ਜੀ ਦੇ ਨਾਮ ’ਤੇ ਰੱਖਿਆ ਜਾਵੇ।