ਜਾਪਾਨ ਦੀ ਰਾਜਧਾਨੀ ਟੋਕਿਓ ਵਿੱਚ ਓਲੰਪਿਕ ਖੇਡਾਂ 23 ਜੁਲਾਈ 2021 ਤੋਂ 8 ਅਗਸਤ 2021 ਤੱਕ ਖੇਡੀਆਂ ਜਾਣਗੀਆਂ। ਇਸ ਵਿਚ ਭਾਰਤ ਦੇ 126 ਅਥਲੀਟ ਹਿੱਸਾ ਲੈਣਗੇ। ਭਾਰਤ ਤੋਂ ਟੋਕੀਓ ਓਲੰਪਿਕ ਜਾਣ ਵਾਲੇ ਖਿਡਾਰੀਆਂ ‘ਚੋਂ ਪੰਜਾਬ ਦੀ ਦੂਸਰੀ ਸਭ ਤੋਂ ਵੱਡੀ ਟੀਮ ਹੈ।
ਪੰਜਾਬ ਦੇ 15 ਖਿਡਾਰੀ ਟੋਕੀਓ ਓਲੰਪਿਕਸ ‘ਚ ਦੇਸ਼ ਦੀ ਨੁਮਾਇੰਦਗੀ ਕਰਨਗੇ। ਇਨ੍ਹਾਂ ਖੇਡਾਂ ਵਿਚ ਸਭ ਦੀਆਂ ਨਜ਼ਰਾਂ ਭਾਰਤੀ ਹਾਕੀ ਟੀਮ ਉਤੇ ਹਨ। ਖਾਸ ਗੱਲ ਇਹ ਹੈ ਕਿ ਉਲੰਪਿਕ ਵਿਚ ਜਾਣ ਵਾਲੀ ਇਸ ਭਾਰਤੀ ਹਾਕੀ ਟੀਮ ਵਿਚ ਇਸ ਵਾਰ 16 ਵਿਚੋਂ 8 ਖਿਡਾਰੀ ਪੰਜਾਬ ਦੇ ਹੋਣਗੇ। ਪੰਜਾਬ ਦੇ 15 ਖਿਡਾਰੀ ਟੋਕੀਓ ਜਾਣਗੇ।
ਟੋਕੀਓ ਉਲੰਪਿਕ ਵਿੱਚ ਜਾਣ ਵਾਲੀ ਇਸ ਹਾਕੀ ਟੀਮ ਦੇ ਕਪਤਾਨ ਮਨਪ੍ਰੀਤ ਸਿੰਘ ਜਲੰਧਰ ਦੇ ਮਿੱਠਾਪੁਰ ਇਲਾਕੇ ਦੇ ਰਹਿਣ ਵਾਲੇ ਹਨ ਅਤੇ ਉਨ੍ਹਾਂ ਦੇ ਨਾਲ ਇਕ ਹੋਰ ਖਿਡਾਰੀ ਮਨਦੀਪ ਸਿੰਘ ਵੀ ਮਿੱਠਾਪੁਰ ਦੇ ਰਹਿਣ ਵਾਲਾ ਹੈ। ਇਸ ਤੋਂ ਇਲਾਵਾ 6 ਖਿਡਾਰੀਆਂ ਵਿੱਚੋਂ ਚਾਰ ਖਿਡਾਰੀ ਜਲੰਧਰ ਦੇ ਸੁਰਜੀਤ ਹਾਕੀ ਅਕੈਡਮੀ ਤੋਂ ਟਰੇਨਿੰਗ ਲੈ ਚੁੱਕੇ ਹਨ ਜਦਕਿ ਬਾਕੀ ਦੋ ਖਿਡਾਰੀਆਂ ਵਿਚੋਂ ਇਕ ਗੁਰਜੰਟ ਸਿੰਘ ਅੰਮ੍ਰਿਤਸਰ ਅਤੇ ਰੁਪਿੰਦਰਪਾਲ ਫਰੀਦਕੋਟ ਤੋਂ ਹੈ। ਇਸ ਤੋਂ ਇਲਾਵਾ ਪੰਜਾਬ ਦੇ ਤਿੰਨ ਹੋਰ ਖਿਡਾਰੀ ਹਰਮਨਪ੍ਰੀਤ, ਸ਼ਮਸ਼ੇਰ ਅਤੇ ਦਿਲਪ੍ਰੀਤ ਵੀ ਇਸ ਟੀਮ ਵਿਚ ਸ਼ਾਮਲ।
ਟੋਕੀਓ ਓਲੰਪਿਕ ਖੇਡਾਂ ਲਈ ਭਾਰਤੀ ਮਹਿਲਾ ਹਾਕੀ ਟੀਮ ਦਾ ਐਲਾਨ ਕਰ ਦਿੱਤਾ ਗਿਆ ਹੈ I ਇਸ 16 ਮੈਂਬਰੀ ਟੀਮ ਵਿਚ ਪੰਜਾਬ ਦੀ ਇਕਲੌਤੀ ਖਿਡਾਰਨ ਗੁਰਜੀਤ ਕੌਰ ਤਹਿਸੀਲ ਅਜਨਾਲ਼ਾ ਦੇ ਪਿੰਡ ਮਿਆਦੀਆਂ ਕਲਾਂ ਦੀ ਵੀ ਭਾਰਤੀ ਮਹਿਲਾ ਹਾਕੀ ਟੀਮ ਦੀ ਵੀ ਚੋਣ ਹੋਈ ਹੈ I ਤਹਿਸੀਲ ਅਜਨਾਲਾ ਦੇ ਸਰਹੱਦੀ ਪਿੰਡ ਮਿਆਦੀਆਂ ਕਲਾਂ ਵਿਚ 25 ਸਾਲ ਪਹਿਲਾਂ ਗੁਰਜੀਤ ਕੌਰ ਦਾ ਜਨਮ ਕਿਸਾਨ ਸਤਨਾਮ ਸਿੰਘ ਦੇ ਘਰ ਹੋਇਆ ਜੋ ਅੱਜ ਭਾਰਤੀ ਹਾਕੀ ਟੀਮ ਵਿੱਚ ਪੰਜਾਬ ਦੀ ਇਕਲੌਤੀ ਮਹਿਲਾ ਖਿਡਾਰਨ ਹੈ।
ਭਾਰਤੀ ਹਾਕੀ ਟੀਮ ਵਿਚ ਸਭ ਤੋਂ ਜ਼ਿਆਦਾ ਇਤਿਹਾਸ ਜੇ ਕਿਸੇ ਨੇ ਰਚੇ ਹਨ ਤਾਂ ਉਹ ਪੰਜਾਬੀ ਹਨ। ਜਿੱਥੇ ਕਦੇ ਇਹ ਸਮਾਂ ਹੁੰਦਾ ਸੀ ਕਿ ਭਾਰਤੀ ਟੀਮ ਵਿੱਚ 6 ਲੋਕ ਸਿਰਫ਼ ਸੰਸਾਰਪੁਰ ਪਿੰਡ ਤੋਂ ਹੀ ਖੇਡਦੇ ਸਨ। ਉਧਰ ਇਸ ਵਾਰ ਫੇਰ ਇਕ ਐਸਾ ਮੌਕਾ ਆਇਆ ਹੈ ਜਦੋਂ ਟੋਕੀਓ ਉਲੰਪਿਕ ਵਿਚ ਜਾਣ ਵਾਲੀ ਭਾਰਤੀ ਹਾਕੀ ਟੀਮ ਦੇ 16 ਖਿਡਾਰੀਆਂ ਵਿਚੋਂ 8 ਖਿਡਾਰੀ ਪੰਜਾਬ ਦੇ ਹਨ।
-ਜਾਣੋ ਇਨ੍ਹਾਂ ਬਾਰੇ ਵਿਸਥਾਰ ਵਿਚ…
ਹਾਕੀ: ਹਰਮਨਪ੍ਰੀਤ ਸਿੰਘ, ਰੁਪਿੰਦਰ ਪਾਲ ਸਿੰਘ, ਹਾਰਦਿਕ ਸਿੰਘ, ਮਨਪ੍ਰੀਤ ਸਿੰਘ, ਸ਼ਮਸ਼ੇਰ ਸਿੰਘ, ਦਿਲਪ੍ਰੀਤ ਸਿੰਘ, ਗੁਰਜੰਟ ਸਿੰਘ, ਮਨਦੀਪ ਸਿੰਘ ਤੇ ਗੁਰਜੀਤ ਕੌਰ
ਸ਼ੂਟਿੰਗ: ਅੰਜੁਮ ਮੌਦਗਿਲ ਤੇ ਅੰਗਦ ਵੀਰ ਸਿੰਘ
ਮੁੱਕੇਬਾਜ਼ੀ : ਸਿਮਰਨਜੀਤ ਕੌਰ
ਅਥਲੈਟਿਕਸ: ਕਮਲਪ੍ਰੀਤ ਕੌਰ, ਤੇਜਿੰਦਰਪਾਲ ਸਿੰਘ ਤੂਰ ਤੇ ਗੁਰਪ੍ਰੀਤ ਸਿੰਘ।
ਹਰਮਨਪ੍ਰੀਤ ਸਿੰਘ
ਹਰਮਨਪ੍ਰੀਤ ਸਿੰਘ ਦਾ ਜਨਮ 6 ਜਨਵਰੀ 1996 ਨੂੰ ਹੋਇਆ। ਉਹ ਭਾਰਤੀ ਟੀਮ ‘ਚ ਡਿਫੈਂਡਰ ਵਜੋਂ ਖੇਡਣਗੇ। ਹਰਮਨਪ੍ਰੀਤ ਸਿੰਘ ਓਲੰਪਿਕ 2016 ਦੀ ਟੀਮ ਦਾ ਵੀ ਹਿੱਸਾ ਰਹੇ ਸਨ। ਇਸ ਵਾਰ ਉਹ ਦੂਸਰੀ ਵਾਰ ਓਲੰਪਿਕ ਦਾ ਹਿੱਸਾ ਬਣੇ ਹਨ।
ਰੁਪਿੰਦਰ ਪਾਲ ਸਿੰਘ
ਰੁਪਿੰਦਰ ਪਾਲ ਸਿੰਘ ਦਾ ਜਨਮ 11 ਨਵੰਬਰ 1990 ਨੂੰ ਹੋਇਆ। ਉਸ ਨੇ 2010 ਵਿਚ ਕੌਮਾਂਤਰੀ ਪੱਧਰ ‘ਤੇ ਸੁਲਤਾਨ ਅਜ਼ਲਾਨ ਸ਼ਾਹ ਕੱਪ ਰਾਹੀਂ ਡੈਬਿਊ ਕੀਤਾ। 31 ਸਾਲਾ ਖਿਡਾਰੀ 2014 ‘ਚ ਪੁਰਸ਼ ਹਾਕੀ ਟੀਮ ਦਾ ਉਪ ਕਪਤਾਨ ਰਿਹਾ ਤੇ ਰੀਓ ਤੋਂ ਬਾਅਦ ਇਸ ਵਾਰ ਟੋਕੀਓ ‘ਚ ਉਹ ਦੂਸਰੀ ਵਾਰ ਓਲੰਪਿਕ ਲਈ ਖੇਡਣਗੇ।
ਹਾਰਦਿਕ ਸਿੰਘ
ਹਾਰਦਿਕ ਸਿੰਘ ਦਾ ਜਨਮ 23 ਸਤੰਬਰ 1998 ਨੂੰ ਹੋਇਆ। ਉਹ ਵੀ ਟੀਮ ਇੰਡੀਆ ਵੱਲੋਂ ਮਿਡ ਫੀਲਡਰ ਦੇ ਤੌਰ ‘ਤੇ ਓਲੰਪਿਕ ‘ਚ ਖੇਡਣਗੇ। ਉਹ ਇੰਡੀਅਨ ਜੂਨੀਅਰ ਟੀਮ ਦੇ ਉਪ-ਕਪਤਾਨ ਸਨ ਤੇ ਸੀਨੀਅਰ ਨੈਸ਼ਨਲ ਟੀਮ ਵੱਲੋਂ ਏਸ਼ੀਅਨ ਮੈਨਜ਼ ਹਾਕੀ ਚੈਂਪੀਅਨਜ਼ ਟਰਾਫੀ ਲਈ 2018 ‘ਚ ਖੇਡੇ ਸਨ। ਇਸੇ ਸਾਲ ਉਹ ਵਿਸ਼ਵ ਕੱਪ ਲਈ ਵੀ ਖੇਡੇ ਸਨ। ਇਸ ਵਾਰ ਉਹ ਓਲੰਪਿਕ ‘ਚ ਆਪਣਾ ਡੈਬਿਊ ਕਰਨਗੇ।
ਮਨਪ੍ਰੀਤ ਸਿੰਘ
ਮਨਪ੍ਰੀਤ ਸਿੰਘ ਤੀਸਰੀ ਵਾਰ ਓਲੰਪਿਕ ਲਈ ਖੇਡਣਗੇ। 26 ਜੂਨ 1992 ਨੂੰ ਜੰਮੇ ਮਨਪ੍ਰੀਤ ਸਿੰਘ ਸੰਧੂ ਟੋਕੀਓ ਓਲੰਪਿਕਸ 2021 ‘ਚ ਭਾਰਤੀ ਹਾਕੀ ਟੀਮ ਦੇ ਕਪਤਾਨ ਹੋਣਗੇ। ਮਨਪ੍ਰੀਤ ਨੇ 19 ਸਾਲ ਦੀ ਉਮਰ ‘ਚ ਕੌਮਾਂਤਰੀ ਡੈਬਿਊ ਕੀਤਾ ਸੀ ਤੇ ਮਿਡਫੀਲਡਰ ਵਜੋਂ ਖੇਡਦੇ ਹਨ। ਉਹ ਇਸ ਤੋਂ ਪਹਿਲਾਂ 2012 ਤੇ 2016 ਓਲੰਪਿਕਸ ‘ਚ ਭਾਰਤ ਦੀ ਨੁਮਾਇੰਦਗੀ ਕਰ ਚੁੱਕੇ ਹਨ।
ਸ਼ਮਸ਼ੇਰ ਸਿੰਘ
29 ਜੁਲਾਈ 1997 ਨੂੰ ਪੈਦਾ ਹੋਏ ਸ਼ਮਸ਼ੇਰ ਸਿੰਘ ਫਾਰਵਰਡ ਵਜੋਂ ਟੀਮ ਇੰਡੀਆ ਵੱਲੋਂ ਖੇਡਣਗੇ। ਅਟਾਰੀ ਤੋਂ ਉਹ ਪਹਿਲੇ ਖਿਡਾਰੀ ਹਨ ਜਿਹੜੇ ਓਲੰਪਿਕਸ ਭਾਰਤੀ ਹਾਕੀ ਟੀਮ ਦਾ ਹਿੱਸਾ ਬਣੇ ਹਨ। ਟੋਕੀਓ ਓਲੰਪਿਕਸ ਉਨ੍ਹਾਂ ਦਾ ਪਹਿਲਾ ਵੱਡਾ ਟੂਰਨਾਮੈਂਟ ਹੈ ਤੇ ਓਲੰਪਿਕ ਲਈ ਵੀ ਉਨ੍ਹਾਂ ਦਾ ਡੈਬਿਊ ਹੈ।
ਦਿਲਪ੍ਰੀਤ ਸਿੰਘ
ਦਿਲਪ੍ਰੀਤ ਸਿੰਘ ਦਾ ਜਨਮ 12 ਨਵੰਬਰ 1999 ਨੂੰ ਹੋਇਆ ਤੇ ਉਹ ਭਾਰਤੀ ਟੀਮ ‘ਚ ਫਾਰਵਰਡ ਖੇਡਦੇ ਹਨ। 21 ਸਾਲਾ ਇਸ ਖਿਡਾਰੀ ਨੇ ਸੀਨੀਅਰ ਨੈਸ਼ਨਲ ‘ਤੇ ਡੈਬਿਊ 2018 ਚੈਂਪੀਅਨਜ਼ ਟਰਾਫੀ ਤੋਂ ਕੀਤਾ ਤੇ ਭਾਰਤ ਲਈ ਸਿਲਵਰ ਜਿੱਤਿਆ। ਇਸ ਤੋਂ ਇਲਾਵਾ ਉਹ 2018 ਏਸ਼ੀਅਨ ਗੇਮਜ਼ ਦਾ ਵੀ ਹਿੱਸਾ ਰਹੇ ਤੇ ਭਾਰਤ ਲਈ ਕਾਂਸੀ ਦਾ ਮੈਡਲ ਜਿੱਤਿਆ ਸੀ।
ਗੁਰਜੰਟ ਸਿੰਘ
26 ਜਨਵਰੀ 1995 ‘ਚ ਜਨਮੇ ਗੁਰਜੰਟ ਸਿੰਘ ਭਾਰਤੀ ਲਈ ਫਾਰਵਰਡ ਦੇ ਤੌਰ ‘ਤੇ ਖੇਡਣਗੇ। ਉਹ 2016 ਜੂਨੀਅਨ ਵਰਲਡ ਕੱਪ ਜੇਤੂ ਟੀਮ ਦਾ ਹਿੱਸਾ ਵੀ ਰਹੇ ਹਨ। 26 ਸਾਲਾ ਖਿਡਾਰੀ ਇਸ ਵਾਰ ਓਲੰਪਿਕ ਲਈ ਡੈਬਿਊ ਕਰੇਗਾ।
ਮਨਦੀਪ ਸਿੰਘ
ਮਨਦੀਪ ਸਿੰਘ ਓਲੰਪਿਕਸ ਦਾ ਦੂਸਰੀ ਵਾਰ ਹਿੱਸਾ ਬਣੇ ਹਨ। ਮਨਦੀਪ ਦਾ ਜਨਮ 25 ਜਨਵਰੀ 1995 ‘ਚ ਹੋਇਆ। ਇਹ ਖਿਡਾਰੀ ਵੀ ਟੀਮ ‘ਚ ਫਾਰਵਰਡ ਵਜੋਂ ਖੇਡੇਗਾ। ਇਸ ਨੇ ਆਪਣਾ ਸੀਨੀਅਰ ਕੌਮਾਂਤਰੀ ਡੈਬਿਊ 2013 ਹਾਕੀ ਵਰਲਡ ਲੀਗ ਤੋਂ ਕੀਤਾ। ਮਨਦੀਪ ਸਿੰਘ ਹੁਣ ਤੱਕ ਭਾਰਤ ਲਈ 159 ਮੈਚਾਂ ਦਾ ਹਿੱਸਾ ਬਣ ਚੁੱਕਾ ਹੈ।
ਗੁਰਜੀਤ ਕੌਰ
ਗੁਰਜੀਤ ਕੌਰ ਇਸ ਵਾਰ ਓਲੰਪਿਕਸ ਲਈ ਡੈਬਿਊ ਕਰੇਗੀ। 25 ਅਕਤੂਬਰ 1995 ‘ਚ ਜਨਮੀ ਖਿਡਾਰਨ ਭਾਰਤੀ ਨੈਸ਼ਨਲ ਮਹਿਲਾ ਹਾਕੀ ਟੀਮ ‘ਚ ਡਿਫੈਂਡਰ ਵਜੋਂ ਹਿੱਸਾ ਲਵੇਗੀ। ਉਸ ਨੇ ਸੀਨੀਅਰ ਕੌਮਾਂਤਰੀ ਡੈਬਿਊ 2017 ਵਿਚ ਕੀਤਾ ਤੇ ਉਸ ਤੋਂ ਅਗਲੇ ਸਾਲ 2018 ਵਿਚ 2018 ਹਾਕੀ ਵਰਲਡ ਕੱਪ ‘ਚ 8 ਗੋਲ ਕੀਤੇ।
ਸ਼ੂਟਿੰਗ
ਅੰਜੁਮ ਮੌਦਗਿਲ
ਸ਼ੂਟਰ ਅੰਜੁਮ ਮੌਦਗਿਲ ਓਲੰਪਿਕ ਲਈ ਪਹਿਲੀ ਵਾਰ ਖੇਡੇਗੀ। 5 ਜਨਵਰੀ 1994 ਨੂੰ ਪੈਦਾ ਹੋਈ ਅੰਜੁਮ ਟੋਕਿਓ ਓਲੰਪਿਕ ‘ਚ 50 ਰਾਈਫਲ 3 ਪੁਜ਼ੀਸ਼ਨ ਤੇ 10 ਮੀਟਰ ਰਾਈਫਲ ਮਿਕਸਡ ਵਿਚ ਭਾਰਤ ਦੀ ਨੁਮਾਇੰਦਗੀ ਕਰੇਗੀ। 2019 ਵਰਲਡ ਚੈਂਪੀਅਨਸ਼ਿਪ 2019 ਵਿਚ ਉਸ ਨੇ ਦੇਸ਼ ਲਈ ਦੋ ਸਿਲਵਰ ਮੈਡਲ ਜਿੱਤੇ।
ਅੰਗਦ ਵੀਰ ਸਿੰਘ ਬਾਜਵਾ
ਸ਼ੂਟਰ ਅੰਗਦ ਵੀਰ ਸਿੰਘ ਬਾਜਵਾ ਦਾ ਜਨਮ 29 ਨਵੰਬਰ 1995 ਹੋਇਆ। ਉਹ ਟੋਕਿਓ ਓਲੰਪਿਕਸ ‘ਚ ਸਕੀਟ ‘ਚ ਭਾਰਤੀ ਦੀ ਨੁਮਾਇੰਦਗੀ ਕਰਨਗੇ। ਏਸ਼ੀਅਨ ਸ਼ੂਟਿੰਗ ਚੈਂਪੀਅਨਸ਼ਿਪ ‘ਚ ਸਕੀਟ (ਐੱਮ) ‘ਚ ਉਹ ਗੋਲਡ ਮੈਡਲ ਜਿੱਤੇ ਸਨ।