ਕਿਸਾਨ ਮੋਰਚੇ ਵਲੋਂ ਮੁਅੱਤਲ ਕੀਤੇ ਗਏ ਗੁਰਨਾਮ ਸਿੰਘ ਚੜੂਨੀ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ ਉਨ੍ਹਾਂ ਦਾ ਕਹਿਣਾ ਹੈ ਕਿ ਜੇ ਕਿਸਾਨੀ ਅਤੇ ਪੰਜਾਬ ਨੂੰ ਬਚਾਉਣਾ ਹੈ ਤਾਂ ਕਿਸਾਨਾਂ ਨੂੰ ਖੁਦ ਅੱਗੇ ਆਉਣਾ ਪਵੇਗਾ ਅਤੇ ਉਨ੍ਹਾਂ ਨੇ ਮਿਸ਼ਨ ਪੰਜਾਬ ਦੀ ਗੱਲ ਕਰਦਿਆਂ ਕਿਹਾ ਕਿ 117 ਸੀਟਾਂ ‘ਤੇ ਚੋਣਾਂ ਲੜਾਂਗੇ।ਬੀਤੇ ਦਿਨੀਂ ਉਨ੍ਹਾਂ ਨੇ ਪੰਜਾਬ ‘ਚ ਚੋਣ ਪ੍ਰਚਾਰ ਦਾ ਬਿਗਲ ਵਜਾ ਦਿੱਤਾ ਹੈ।ਦੱਸ ਦੇਈਏ ਕਿ ਗੜ੍ਹਸ਼ੰਕਰ ‘ਚ ਕਿਸਾਨ ਆਗੂਆਂ ਨਾਲ ਮੀਟਿੰਗ ਦੌਰਾਨ ਉਨਾਂ੍ਹ ਨੇ 2022 ਦੀਆਂ ਵਿਧਾਨ ਸਭਾ ਚੋਣਾਂ ‘ਚ 117 ਸੀਟਾਂ ‘ਤੇ ਚੋਣ ਲੜਨ ਦਾ ਐਲਾਨ ਕੀਤਾ ਹੈ।ਉਨਾਂ੍ਹ ਨੇ ਇਸਦਾ ਨਾਂ ਮਿਸ਼ਨ ਪੰਜਾਬ ਰੱਖਿਆ।
ਦੱਸਣਯੋਗ ਹੈ ਕਿ ਗੁਰਨਾਮ ਸਿੰਘ ਚੜੂਨੀ ਨੇ ਕਿਸਾਨਾਂ ਨਾਲ ਮੀਟਿੰਗ ਦੌਰਾਨ ਉਨ੍ਹਾਂ ਨੂੰ ਕਿਸਾਨਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਖੁਦ ਸਿਆਸਤ ‘ਚ ਉਤਰਨ ਲਈ ਕਿਹਾ।ਉਨ੍ਹਾਂ ਦਾ ਕਹਿਣਾ ਹੈ ਕਿ ਹੁਣ ਤੱਕ ਸਿਆਸੀ ਪਾਰਟੀਆਂ ਨੇ ਪੰਜਾਬ ਦੀ ਭੋਲੀ-ਭਾਲੀ ਜਨਤਾ ਕਿਸਾਨਾਂ ਨੂੰ ਵੋਟ ਬੈਂਕ ਵਜੋਂ ਇਸਤੇਮਾਲ ਕੀਤਾ ਹੈ ਪਰ ਉਨਾਂ੍ਹ ਦੇ ਹਿੱਤਾਂ ਲਈ ਹੁਣ ਤੱਕ ਕੁਝ ਨਹੀਂ ਕੀਤਾ।ਇਸ ਦੌਰਾਨ ਬੋਲਦਿਆਂ ਉਨ੍ਹਾਂ ਕਿਹਾ ਕਿ 2022 ‘ਚ ਪੰਜਾਬ ‘ਚ ਸਰਕਾਰ ਬਣਾਉਣ ਤੋਂ ਬਾਅਦ ਭਾਰਤ ਮਿਸ਼ਨ ਦੇ ਤਹਿਤ ਦੇਸ਼ ‘ਚ ਇੱਕ ਸਰਕਾਰ ਬਣਾਈ ਜਾਵੇਗੀ।ਉਨ੍ਹਾਂ ਦਾ ਕਹਿਣਾ ਹੈ ਕਿ ਪੰਜਾਬ ਮਿਸ਼ਨ ਦੇ ਬੈਨਰ ਹੇਠ ਸੂਬੇ ਦੀਆਂ 117 ਸੀਟਾਂ ‘ਤੇ ਚੋਣਾਂ ਲੜੀਆਂ ਜਾਣਗੀਆਂ।ਗੁਰਨਾਮ ਸਿੰਘ ਚੜੂਨੀ ਦਾ ਕਹਿਣਾ ਹੈ ਕਿ ਭਾਜਪਾ ਨੂੰ ਹਰਾਉਣ ਨਾਲ ਖੇਤੀਬਾੜੀ ਕਾਨੂੰਨ ਰੱਦ ਨਹੀਂ ਹੋਣੇ, ਜਦੋਂ ਤੱਕ ਕਿਸਾਨ ਖੁਦ ਸੱਤਾ ‘ਚ ਨਹੀਂ ਆਉਂਦੇ, ਉਦੋਂ ਤੱਕ ਕਿਸਾਨਾਂ ਦਾ ਕੁਝ ਨਹੀਂ ਬਣੇਗਾ।