ਪੰਜਾਬ ਆੜ੍ਹਤੀ ਫੈਡਰੇਸ਼ਨ ਵੱਲੋਂ ਵੀਰਵਾਰ ਨੂੰ ਸਮਰਾਲਾ ਵਿੱਚ ਇੱਕ ਵਿਸ਼ਾਲ ਜਲੂਸ ਦੌਰਾਨ ਭਾਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਬਲਬੀਰ ਸਿੰਘ ਰਾਜੇਵਾਲ ਸਮੇਤ 22 ਕਿਸਾਨ ਜੱਥੇਬੰਦੀਆਂ ਦੇ ਆਗੂਆਂ ਨੂੰ ਫਖਰ-ਏ-ਪੰਜਾਬ ਸਨਮਾਨ ਨਾਲ ਸਨਮਾਨਿਤ ਕੀਤਾ ਗਿਆ। ਇਸ ਮੌਕੇ ਪੰਜਾਬ ਭਰ ਤੋਂ ਹਜ਼ਾਰਾਂ ਕਿਸਾਨ, ਜੱਥੇਬੰਦੀਆਂ ਦੇ ਵਰਕਰ ਅਤੇ ਆੜ੍ਹਤੀ ਯੂਨੀਅਨਾਂ ਦੇ ਅਧਿਕਾਰੀ ਪੁੱਜੇ ਹੋਏ ਸਨ।
ਇਸ ਮੌਕੇ ਆਪਣੇ ਸੰਬੋਧਨ ਵਿੱਚ ਕਿਸਾਨ ਆਗੂਆਂ ਨੇ ਪੰਜਾਬ ਦੇ ਲੋਕਾਂ ਵੱਲੋਂ ਮੋਰਚੇ ਦੀ ਜਿੱਤ ਲਈ ਦਿੱਤੇ ਭਰਵੇਂ ਸਹਿਯੋਗ ਲਈ ਧੰਨਵਾਦ ਕਰਦਿਆਂ ਕਿਹਾ ਕਿ ਲੋਕਾਂ ਦੀ ਇੱਕਜੁੱਟਤਾ ਤੋਂ ਬਿਨਾਂ ਇੰਨੀ ਵੱਡੀ ਲੜਾਈ ਜਿੱਤੀ ਨਹੀਂ ਜਾ ਸਕਦੀ ਸੀ। ਇਸ ਮੌਕੇ ਰਾਜੇਵਾਲ ਨੂੰ ਆਪਣਾ ਮੁੱਖ ਆਗੂ ਦੱਸਦਿਆਂ ਕਿਸਾਨ ਆਗੂਆਂ ਨੇ ਨਵਾਂ ਸੁਨਹਿਰੀ ਪੰਜਾਬ ਸਿਰਜਣ ਲਈ ਸੂਬੇ ਦੇ ਲੋਕਾਂ ਤੋਂ ਸਹਿਯੋਗ ਦੀ ਮੰਗ ਕੀਤੀ।
ਇਸ ਮੌਕੇ ਰਾਜੇਵਾਲ ਨੇ ਪੰਜਾਬ ਵਾਸੀਆਂ ਨੂੰ ਸੂਬੇ ਦੇ ਚੰਗੇ ਭਵਿੱਖ ਲਈ ਸੁਚੇਤ ਰਹਿਣ ਦਾ ਸੱਦਾ ਦਿੰਦਿਆਂ ਕਿਹਾ ਕਿ ਲੜਾਈ ਅਜੇ ਬਹੁਤ ਲੰਬੀ ਹੈ, ਇਸ ਲਈ ਲੋਕਾਂ ਦੀ ਏਕਤਾ ਬਹੁਤ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਕਿਸਾਨ ਜੱਥੇਬੰਦੀਆਂ ਨੇ ਪੰਜਾਬ ਦੀ ਤਰੱਕੀ ਅਤੇ ਲੋਕ ਸ਼ਕਤੀ ਨੂੰ ਮਜ਼ਬੂਤ ਕਰਨ ਲਈ ਚੋਣ ਲੜਨ ਦਾ ਫੈਸਲਾ ਕੀਤਾ ਹੈ।