ਨੇਪਾਲ ਦੀ ਪ੍ਰਾਈਵੇਟ ਏਅਰਲਾਈਨ ਤਾਰਾ ਏਅਰ ਦੀ ਇੱਕ ਫਲਾਈਟ ਐਤਵਾਰ ਨੂੰ ਲਾਪਤਾ ਹੋ ਗਈ। ਇਸ ਫਲਾਈਟ ਦਾ ਟਰੈਫਿਕ ਕੰਟਰੋਲ ਨਾਲ ਸੰਪਰਕ ਵੀ ਟੁੱਟ ਗਿਆ ਹੈ। ਏਅਰਲਾਈਨ ਅਧਿਕਾਰੀਆਂ ਦੇ ਹਵਾਲੇ ਨਾਲ ਮੀਡੀਆ ਰਿਪੋਰਟਾਂ ਆ ਰਹੀਆਂ ਹਨ। ਤਾਰਾ ਏਅਰ ਦੇ ਇਸ ਛੋਟੇ ਯਾਤਰੀ ਜਹਾਜ਼ ਵਿੱਚ ਕੁੱਲ 22 ਯਾਤਰੀ ਸਵਾਰ ਦੱਸੇ ਜਾ ਰਹੇ ਹਨ, ਜਿਨ੍ਹਾਂ ਵਿੱਚੋਂ ਚਾਰ ਭਾਰਤੀ ਦੱਸੇ ਜਾਂਦੇ ਹਨ। ਹੁਣ ਤੱਕ ਮਿਲੀ ਜਾਣਕਾਰੀ ਅਨੁਸਾਰ ਦੋ ਇੰਜਣਾਂ ਵਾਲਾ ਤਾਰਾ ਏਅਰ 9 ਐੱਨਏਈਟੀ ਪੋਖਰਾ ਤੋਂ ਜੋਮਸੋਮ ਜਾ ਰਿਹਾ ਸੀ ਕਿ ਰਸਤੇ ‘ਚ ਇਸ ਦਾ ਕੰਟਰੋਲ ਰੂਮ ਨਾਲ ਸੰਪਰਕ ਟੁੱਟ ਗਿਆ।
ਮੀਡੀਆ ਰਿਪੋਰਟਾਂ ਮੁਤਾਬਕ, ਨੇਪਾਲ ਦੇ ਗ੍ਰਹਿ ਮੰਤਰਾਲੇ ਦੇ ਬੁਲਾਰੇ ਫਨਿੰਦਰਾ ਮਣੀ ਪੋਖਰਾਲ ਨੇ ਦੱਸਿਆ ਕਿ ਗ੍ਰਹਿ ਮੰਤਰਾਲੇ ਨੇ ਲਾਪਤਾ ਜਹਾਜ਼ ਨੂੰ ਲੱਭਣ ਲਈ ਤੁਰੰਤ ਦੋ ਨਿੱਜੀ ਹੈਲੀਕਾਪਟਰ ਤਾਇਨਾਤ ਕੀਤੇ ਹਨ। ਸਰਚ ਆਪਰੇਸ਼ਨ ਲਈ ਨੇਪਾਲ ਆਰਮੀ ਦਾ ਹੈਲੀਕਾਪਟਰ ਵੀ ਲਗਾਇਆ ਜਾ ਰਿਹਾ ਹੈ।
ਮਸਤਾਂਗ ਵਿੱਚ ਜ਼ਿਲ੍ਹਾ ਪੁਲਿਸ ਦਫ਼ਤਰ ਦੇ ਡੀਐਸਪੀ ਰਾਮ ਕੁਮਾਰ ਦਾਨੀ ਨੇ ਦੱਸਿਆ ਕਿ ਹੈਲੀਕਾਪਟਰ ਰਾਹੀਂ ਇਲਾਕੇ ਵਿੱਚ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ।