ਪੰਜਾਬ ਸਰਕਾਰ ਸੂਬੇ ਵਿੱਚ ਖੇਡਾਂ ਨੂੰ ਉਤਸ਼ਾਹਤ ਕਰਨ ਲਈ ਵੀ ਵਚਨਬੱਧ ਹੈ। ਕੌਮੀ ਤੇ ਕੌਮਾਂਤਰੀ ਪੱਧਰ ’ਤੇ ਮੱਲਾਂ ਮਾਰਨ ਵਾਲੇ ਖਿਡਾਰੀਆਂ ਨੂੰ ਸਰਕਾਰੀ ਨੌਕਰੀਆਂ ਅਤੇ ਇਨਾਮਾਂ ਨਾਲ ਨਿਵਾਜਿਆ ਜਾ ਰਿਹਾ ਹੈ। ਇਹ ਪ੍ਰਗਟਾਵਾ ਕਰਦਿਆਂ ਬਟਾਲਾ ਦੇ ਨੋਜਵਾਨ ਵਿਧਾਇਕ ਅਮਨਸ਼ੇਰ ਸਿੰਘ ਸ਼ੈਰੀ ਕਲਸੀ ਨੇ ਕਿਹਾ ਕਿ ਹਾਲ ਵੀ ਵਿੱਚ ਉਲੰਪਿਕ ਖੇਡਾਂ ਵਿੱਚ ਕਾਂਸੀ ਦਾ ਤਮਗ਼ਾ ਜਿੱਤ ਕੇ ਆਈ ਭਾਰਤੀ ਹਾਕੀ ਟੀਮ ਦੇ ਪੰਜਾਬੀ ਖਿਡਾਰੀਆਂ ਨੂੰ ਮੁੱਖ ਮੰਤਰੀ ਨੇ ਇਕ-ਇਕ ਕਰੋੜ ਰੁਪਏ ਦੇ ਇਨਾਮ ਦੇਣ ਦਾ ਐਲਾਨ ਕੀਤਾ ਹੈ। ਹਾਕੀ ਟੀਮ ਵਿੱਚ ਕਪਤਾਨ ਹਰਮਨਪ੍ਰੀਤ ਸਿੰਘ ਤੇ ਵਾਈਸ ਕਪਤਾਨ ਸਮੇਤ 10 ਖਿਡਾਰੀ ਪੰਜਾਬ ਤੋਂ ਹਨ।
ਵਿਧਾਇਕ ਸ਼ੈਰੀ ਕਲਸੀ ਨੇ ਅੱਗੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਇਸ ਤੋਂ ਪਹਿਲਾਂ 11 ਨਾਮੀ ਖਿਡਾਰੀਆਂ ਨੂੰ ਪੀ.ਸੀ.ਐਸ. ਅਤੇ ਡੀ.ਐਸ.ਪੀ. ਦੀ ਨੌਕਰੀ ਦਿੱਤੀ ਗਈ ਹੈ। ਇਹ ਵੀ ਪਹਿਲੀ ਵਾਰ ਹੋਇਆ ਹੈ ਕਿ ਸਰਕਾਰ ਨੇ ਓਲੰਪਿਕ ਖੇਡਾਂ ਤੇ ਏਸ਼ੀਅਨ ਖੇਡਾਂ ਵਿੱਚ ਹਿੱਸਾ ਲੈਣ ਗਏ ਖਿਡਾਰੀਆਂ ਨੂੰ ਤਿਆਰੀ ਲਈ ਕ੍ਰਮਵਾਰ 15 ਲੱਖ ਅਤੇ 8 ਲੱਖ ਰੁਪਏ ਪ੍ਰਤੀ ਖਿਡਾਰੀ ਦਿੱਤੇ।
ਉਨਾਂ ਅੱਗੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਪਿਛਲੇ ਦੋ ਸਾਲਾਂ ਵਿੱਚ 24164 ਖਿਡਾਰੀਆਂ ਨੂੰ 75 ਕਰੋੜ ਰੁਪਏ ਦੀ ਨਗਦ ਇਨਾਮ ਰਾਸ਼ੀ ਵੰਡੀ ਗਈ। ਉਨਾਂ ਦੱਸਿਆ ਕਿ ਪੰਜਾਬ ਨੂੰ ਮੁੜ ਖੇਡਾਂ ਵਿੱਚ ਮੋਹਰੀ ਸੂਬਾ ਬਣਾਉਣ ਲਈ ਸਾਲ 2023 ਵਿੱਚ ਨਵੀਂ ਖੇਡ ਨੀਤੀ ਬਣਾਈ ਗਈ। ਨਵੀਂ ਖੇਡ ਨੀਤੀ ਤਹਿਤ 1000 ਖੇਡ ਨਰਸਰੀ ਸਥਾਪਤ ਕੀਤੀਆਂ ਜਾ ਰਹੀਆਂ ਹਨ, ਜਿਸ ਦੀ ਸ਼ੁਰੂਆਤ ਪਹਿਲੇ ਫੇਜ਼ ਵਿੱਚ 260 ਨਰਸਰੀਆਂ ਤੋਂ ਹੋ ਚੁੱਕੀ ਹੈ।