ਆਮ ਆਦਮੀ ਪਾਰਟੀ ਪੰਜਾਬ ਨੇ ਕਿਸਾਨਾਂ ‘ਤੇ ਹਰਿਆਣਾ ਅਤੇ ਪੰਜਾਬ ‘ਚ ਹੋ ਰਹੇ ਅੰਨ੍ਹੇਵਾਹ ਲਾਠੀਚਾਰਜ ਦੀ ਸਖਤ ਨਿੰਦਾ ਕਰਦੇ ਹੋਏ ਕਿਹਾ ਕਿ ਭਾਜਪਾ-ਕਾਂਗਰਸ ਦੇ ਸੱਤਾਧਾਰੀਆਂ ‘ਚ ਤਾਨਾਸ਼ਾਹ ਹਿਟਲਰ ਦੀ ਆਤਮਾ ਪ੍ਰਵੇਸ਼ ਕਰ ਗਈ ਹੈ।ਇਹ ਸਰਕਾਰਾਂ ਦਮਨਕਾਰੀ ਨੀਤੀ ਦੇ ਅਧੀਨ ਅੰਨਦਾਤਾ ਦੀ ਆਵਾਜ਼ ਬੰਦ ਕਰਨਾ ਚਾਹੁੰਦੀ ਹੈ।ਇਸਦੇ ਨਾਲ ਹੀ ਕਾਲੇ ਖੇਤੀ ਕਾਨੂੰਨਾਂ ਨੂੰ ਲੈ ਕੇ ਮੋਦੀ ਸਰਕਾਰ ਦੇ ਅੜੀਅਲ ਰਵੱਈਏ ਦੇ ਵਿਰੁੱਧ 25 ਸਤੰਬਰ ਨੂੰ ‘ਭਾਰਤ ਬੰਦ’ ਦੇ ਸੱਦਾ ਦਾ ਸਮਰਥਨ ਕਰਦੇ ਹੋਏ, ਪਾਰਟੀਬਾਜ਼ੀ ਤੋਂ ਉੱਤੇ ਉੱਠ ਕੇ ਹਰ ਪੱਧਰ ‘ਤੇ ਸਹਿਯੋਗ ਦਾ ਸਮਰਥਨ ਦਾ ਐਲਾਨ ਕੀਤਾ ਹੈ।
ਪਾਰਟੀ ਦੇ ਕਿਸਾਨ ਵਿੰਗ ਦੇ ਪ੍ਰਧਾਨ ਅਤੇ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਨੇ ਹਰਿਆਣਾ ‘ਚ ਕਿਸਾਨਾਂ ‘ਤੇ ਹੋਏ ਬੇਰਹਿਮ ਅੱਤਿਆਚਾਰ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੂੰ ਜਿੰਮੇਵਾਰ ਠਹਿਰਾਉਂਦੇ ਹੋਏ ਕਿਹਾ ਕਿ ਕੇਂਦਰ ਅਤੇ ਪ੍ਰਦੇਸ਼ ਸਰਕਾਰ ਅਜਿਹੀਆਂ ਮਾੜੀਆਂ ਨੀਤੀਆਂ ਦਾ ਭਾਜਪਾ ਨੂੰ ਪੂਰੇ ਦੇਸ਼ ‘ਚ ਕੀਮਤ ਚੁਕਾਉਣੀ ਪਵੇਗੀ।
ਅੰਨਦਾਤਾ ਸਮੇਦ ਦੇਸ਼ ਦੇ ਕਿਸੇ ਵੀ ਨਾਗਰਿਕ ਦੀ ਆਪਣੇ ਹੱਕ ਅਤੇ ਹਿੱਤਾਂ ਲਈ ਉਠਦੀ ਆਵਾਜ਼ ਨੂੰ ਲਾਠੀ ਦੇ ਜ਼ੋਰ ਨਾਲ ਦਬਾਇਆ ਨਹੀਂ ਜਾ ਸਕਦਾ ਹੈ।ਆਪਣੇ ਹੱਕਾਂ ਲਈ ਸੰਵਿਧਾਨਿਕ ਦਾਇਰੇ ‘ਚ ਰਹਿ ਕੇ ਰੋਸ ਪ੍ਰਦਰਸ਼ਨ ਅਤੇ ਆਵਾਜ਼ ਬੁਲੰਦ ਕਰਨ ਦਾ ਅਧਿਕਾਰ ਭਾਰਤੀ ਸੰਵਿਧਾਨ ਦਿੰਦਾ ਹੈ।
ਸੰਧਵਾਂ ਨੇ ਅੰਮ੍ਰਿਤਸਰ ‘ਚ ਹੋਏ ਲਾਠੀਚਾਰਜ ਦੀ ਨਿੰਦਾ ਕਰਦੇ ਹੋਏ ਕੈਪਟਨ ਅਮਰਿੰਦਰ ਸਿੰਘ ਅਤੇ ਸਮੁੱਚੀ ਕਾਂਗਰਸ ਨੂੰ ਪੁੱਛਿਆ ਕਿ ਲੋਕਾਂ ਦੀ ਆਵਾਜ਼ ਨੂੰ ਡੰਡਿਆਂ ਦੇ ਜੋਰ ਨਾਲ ਕੁਚਲਣ ਲਈ ਭਾਜਪਾ ਅਤੇ ਕਾਂਗਰਸ ‘ਚ ਕੀ ਫਰਕ ਰਹਿ ਗਿਆ ਹੈ? ਪੰਜਾਬ ‘ਚ ਕੋਈ ਦਿਨ ਖਾਲੀ ਨਹੀਂ ਜਾਂਦਾ ਜਦੋਂ ਸਰਕਾਰ ਨੇ ਬੇਰੁਜ਼ਗਾਰਾਂ, ਡਾਕਟਰਾਂ, ਨਰਸਾਂ, ਅਧਿਆਪਕਾਂ, ਮੁਲਾਜ਼ਮਾਂ ਮਜ਼ਦੂਰਾਂ ਅਤੇ ਕਿਸਾਨਾਂ ਸਮੇਤ ਹੋਰ ਪ੍ਰਦਰਸ਼ਨਕਾਰੀਆਂ ਦੇ ਨਾਲ ਖਿੱਚੋਤਾਨ, ਬਦਸਲੂਕੀ ਅਤੇ ਲਾਠੀਚਾਰਜ ਨਾ ਕੀਤਾ ਹੋਵੇ।