ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਕਾਂਡ ਨੂੰ ਲੈ ਕੇ ਪੁੱਛਗਿੱਛ ਲਈ ਰਿਮਾਂਡ ’ਤੇ ਲਏ ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਅੱਜ ਰਾਤ ਮਾਨਸਾ ਅਦਾਲਤ ’ਚ ਪੇਸ਼ ਕੀਤਾ ਗਿਆ। ਇਸ ਦੌਰਾਨ ਅਦਾਲਤ ਨੇ ਲਾਰੈਂਸ ਬਿਸ਼ਨੋਈ ਨੂੰ 27 ਜੂਨ ਤਕ ਪੰਜਾਬ ਪੁਲਸ ਦੇ ਰਿਮਾਂਡ ’ਤੇ ਭੇਜ ਦਿੱਤਾ। ਪੁਲਸ ਨੈ ਉਸ ਦਾ 10 ਦਿਨ ਦਾ ਰਿਮਾਂਡ ਮੰਗਿਆ ਸੀ। ਇਸ ਤੋਂ ਪਹਿਲਾਂ ਅੱਜ 7 ਦਿਨਾ ਰਿਮਾਂਡ ਸਮਾਪਤ ਹੋਣ ਤੋਂ ਪਹਿਲਾਂ ਸ਼ਾਮ ਨੂੰ ਲਾਰੈਂਸ ਬਿਸ਼ਨੋਈ ਨੂੰ ਖਰੜ ਤੋਂ ਮਾਨਸਾ ਅਦਾਲਤ ’ਚ ਲਿਆਂਦਾ ਗਿਆ ਤਾਂ ਕਿ ਉਸ ਤੋਂ ਹੋਰ ਪੁੱਛਗਿੱਛ ਕਰਨ ਲਈ ਰਿਮਾਂਡ ਹਾਸਲ ਕੀਤਾ ਜਾ ਸਕੇ। ਮਾਨਸਾ ਪਹੁੰਚਣ ’ਤੇ ਉਸ ਦਾ ਸਿਵਲ ਹਸਪਤਾਲ ’ਚੋਂ ਮੈਡੀਕਲ ਕਰਵਾਇਆ ਗਿਆ। ਦੱਸ ਦੇਈਏ ਕਿ ਸਿੱਧੂ ਮੂਸੇਵਾਲਾ ਦਾ ਅਣਪਛਾਤੇ ਹਮਲਾਵਰਾਂ ਨੇ 29 ਮਈ ਨੂੰ ਅੰਨ੍ਹੇਵਾਹ ਗੋਲ਼ੀਆਂ ਵਰ੍ਹਾ ਕਤਲ ਕਰ ਦਿੱਤਾ ਸੀ।
ਇਸ ਤੋਂ ਥੋੜ੍ਹੀ ਦੇਰ ਬਾਅਦ ਸੋਸ਼ਲ ਮੀਡੀਆ ਰਾਹੀਂ ਲਾਰੈਂਸ ਬਿਸ਼ਨੋਈ ਗਰੁੱਪ ਤੇ ਕੈਨੇਡਾ ਰਹਿੰਦੇ ਗੋਲਡੀ ਬਰਾੜ ਵੱਲੋਂ ਇਸ ਕਤਲ ਦੀ ਜ਼ਿੰਮੇਵਾਰੀ ਲਈ ਗਈ ਸੀ। ਇਸ ਤੋਂ ਬਾਅਦ ਪੰਜਾਬ ਪੁਲਸ ਨੇ ਪਟਿਆਲਾ ਹਾਊਸ ਕੋਰਟ ਤੋਂ ਲਾਰੈਂਸ ਬਿਸ਼ਨੋਈ ਨੂੰ ਪੁੱਛਗਿੱਛ ਲਈ ਪੰਜਾਬ ਲਿਆਂਦਾ ਤੇ ਮਾਨਸਾ ਅਦਾਲਤ ਤੋਂ ਉਸ ਦਾ 7 ਦਿਨਾ ਰਿਮਾਂਡ ਹਾਸਲ ਕੀਤਾ। ਇਸ ਦੌਰਾਨ ਪੁੱਛਗਿੱਛ ’ਚ ਕਈ ਅਹਿਮ ਖ਼ੁਲਾਸੇ ਵੀ ਹੋਏ। ਜ਼ਿਕਰਯੋਗ ਹੈ ਕਿ ਸਿੱਧੂ ਮੂਸੇਵਾਲਾ ਕਤਲ ’ਚ ਸ਼ਾਮਲ 6 ਸ਼ੂਟਰਾਂ ਨੂੰ ਦਿੱਲੀ ਪੁਲਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਦਿੱਲੀ ਪੁਲਸ ਨੇ ਦੱਸਿਆ ਕਿ ਕਤਲਕਾਂਡ ਦੇ ਮਾਸਟਰਮਾਈਂਡ ਸ਼ੂਟਰ ਪ੍ਰਿਯਵਰਤ ਉਰਫ਼ ਫ਼ੌਜੀ ਨੇ ਕਤਲ ਦੀ ਸਾਜਿਸ਼ ਰਚੀ, ਜੋ ਲਗਾਤਾਰ ਗੋਲਡੀ ਬਰਾੜ ਦੇ ਸੰਪਰਕ ’ਚ ਸੀ।