ਰਾਏਕੋਟ ਦੇ ਪਿੰਡ ਮਹੇਰਨਾ ਕਲ੍ਹਾ ਦੇ ਵਸਨੀਕ ਜਗਰੂਪ ਸਿੰਘ ਪੁੱਤਰ ਅਮਰੀਕ ਸਿੰਘ ਨਾਲ ਵਿਦੇਸ਼ ਜਾਣ ਲਈ ਵਿਆਹ ਕਰਵਾ ਕੇ ਲੱਖਾਂ ਰੁਪਏ ਦੀ ਠੱਗੀ ਮਾਰਨ ਵਾਲੀ NRI ਨੂੰ ਰਾਏਕੋਟ ਸਦਰ ਪੁਲਿਸ ਨੇ ਦਿੱਲੀ ਏਅਰਪੋਰਟ ਤੋਂ ਕਾਬੂ ਕਰ ਲਿਆ। ਜਾਣਕਾਰੀ ਦਿੰਦਿਆ ਪੀੜਤ ਨੌਜਵਾਨ ਦੇ ਪਿਤਾ ਅਮਰੀਕ ਸਿੰਘ ਤੇ ਮਾਤਾ ਨੇ ਦੱਸਿਆ ਕਿ ਉਨ੍ਹਾਂ ਦੇ ਲੜਕੇ ਜਗਰੂਪ ਸਿੰਘ ਦਾ ਆਈਲੈਟਸ ਪਾਸ ਲੜਕੀ ਜੈਸਵੀਰ ਕੌਰ ਪੁੱਤਰੀ ਚੈਂਚਲ ਸਿੰਘ ਵਾਸੀ ਕੁਰਕਸ਼ੇਤਰ ਹਾਲ ਵਾਸੀ ਦੋਰਾਹਾ ਨਾਲ 2015 ਵਿੱਚ ਵਿਆਹ ਕਰਵਾਇਆ ਸੀ ਕਿ ਉਨ੍ਹਾਂ ਦੀ ਨੂੰਹ ਸਟੱਡੀ ਵੀਜੇ ‘ਤੇ ਕੈਨੇਡਾ ਜਾ ਕੇ ਉਨ੍ਹਾਂ ਦੇ ਲੜਕੇ ਨੂੰ ਵੀ ਸੱਦ ਲਵੇਗੀ ਜਿਸ ਲਈ ਉਨ੍ਹਾਂ ਆਪਣੀ ਢਾਈ ਏਕੜ ਜ਼ਮੀਨ ਵੇਚ ਕੇ 28 ਲੱਖ ਰੁਪਏ ਖਰਚ ਕੇ ਆਪਣੀ ਨੂੰਹ ਨੂੰ ਭੇਜਿਆ ਸੀ।
ਪਰ ਉਹ ਉਥੇ ਜਾ ਕੇ ਥੋੜ੍ਹੇ ਸਮੇਂ ਬਾਅਦ ਮੁੱਕਰ ਗਈ, ਜਿਸ ‘ਤੇ ਉਨ੍ਹਾਂ ਨੇ ਉੱਚ ਪੁਲਿਸ ਅਧਿਕਾਰੀਆਂ ਪਾਸ ਸ਼ਿਕਾਇਤ ਦਰਜ ਕਰਵਾਈ, ਜਿਸ ਸਬੰਧੀ ਪੁਲਿਸ ਨੇ 2021 ਵਿੱਚ ਉਸ ਖ਼ਿਲਾਫ਼ ਧੋਖਾਧੜੀ ਦਾ ਮੁੱਕਦਮਾ ਦਰਜ ਕਰਕੇ ਦਿੱਲੀ ਏਅਰਪੋਰਟ ਤੇ ਉਸ ਖ਼ਿਲਾਫ਼ ਲੁੱਕ ਆਊਟ ਨੋਟਿਸ ਜਾਰੀ ਕਰਵਾਇਆ ਹੋਇਆ ਅਤੇ ਹੁਣ ਜਦੋਂ ਉਹ 10 ਜਨਵਰੀ ਨੂੰ ਇੰਡੀਆ ਆਪਣੀ ਭੈਣ ਦੇ ਵਿਆਹ ਲਈ ਆਈ।
ਦਿੱਲੀ ਏਅਰਪੋਰਟ ਉੱਤੇ ਉਤਰਨ ਸਮੇਂ ਏਅਰਪੋਰਟ ਅਥਾਰਟੀ ਨੇ ਉਸ ਨੂੰ ਰੋਕ ਕੇ ਜਿਲ੍ਹਾ ਲੁਧਿਆਣਾ ਦਿਹਾਤੀ ਪੁਲਿਸ ਨੂੰ ਸੂਚਿਤ ਕੀਤਾ, ਜਿਸ ਉੱਤੇ ਥਾਣਾ ਸਦਰ ਰਾਏਕੋਟ ਅਧੀਨ ਪੈਂਦੀ ਪੁਲਿਸ ਚੌਂਕੀ ਲੋਹਟਬੱਦੀ ਦੇ ਇੰਚਾਰਜ਼ ਗੁਰਸੇਵਕ ਸਿੰਘ ਦੀ ਅਗਵਾਈ ਵਾਲੀ ਟੀਮ ਨੇ ਗ੍ਰਿਫਤਾਰ ਕਰ ਲਿਆ ਅਤੇ ਮਾਣਯੋਗ ਜਗਰਾਉਂ ਅਦਾਲਤ ਵਿੱਚ ਪੇਸ਼ ਕੀਤਾ। ਇਸ ਮੌਕੇ ਪੀੜਤ ਪਰਿਵਾਰ ਨੇ ਹੋਏ ਆਰਥਿਕ ਨੁਕਸਾਨ ਦੀ ਪੂਰਤੀ ਅਤੇ ਉਨ੍ਹਾਂ ਨਾਲ ਧੋਖਾ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ।