ਹਾਂਗਜ਼ੂ ਵਿੱਚ ਚੱਲ ਰਹੀਆਂ ਏਸ਼ਿਆਈ ਖੇਡਾਂ ਦੇ 13ਵੇਂ ਦਿਨ ਭਾਰਤ ਨੂੰ ਦੂਜਾ ਤਗ਼ਮਾ ਮਿਲਿਆ। ਤੀਰਅੰਦਾਜ਼ੀ ਰਿਕਰਵ ਮਹਿਲਾ ਟੀਮ ਤੋਂ ਬਾਅਦ ਐਚਐਸ ਪ੍ਰਣਯ ਨੇ ਬੈਡਮਿੰਟਨ ਪੁਰਸ਼ ਸਿੰਗਲਜ਼ ਵਿੱਚ ਕਾਂਸੀ ਦਾ ਤਗ਼ਮਾ ਹਾਸਲ ਕੀਤਾ। ਇਸ ਨਾਲ ਭਾਰਤ ਦੇ ਹੁਣ 88 ਮੈਡਲ ਹੋ ਗਏ ਹਨ। ਇਨ੍ਹਾਂ ਵਿੱਚ 21 ਸੋਨਾ ਸ਼ਾਮਲ ਹੈ।
ਤੀਰਅੰਦਾਜ਼ੀ: ਅੰਕਿਤਾ ਭਕਤ, ਭਜਨ ਕੌਰ ਅਤੇ ਸਿਮਰਨਜੀਤ ਕੌਰ ਦੀ ਤਿਕੜੀ ਨੇ ਰਿਕਰਵ ਮਹਿਲਾ ਟੀਮ ਮੁਕਾਬਲੇ ਵਿੱਚ ਕਾਂਸੀ ਦਾ ਤਗ਼ਮਾ ਜਿੱਤਿਆ ਹੈ। ਕਾਂਸੀ ਦੇ ਤਗਮੇ ਲਈ ਹੋਏ ਮੈਚ ਵਿੱਚ ਭਾਰਤ ਨੇ ਵੀਅਤਨਾਮ ਨੂੰ 6-2 ਨਾਲ ਹਰਾਇਆ।
ਬੈਡਮਿੰਟਨ: ਪੁਰਸ਼ ਸਿੰਗਲਜ਼ ਵਿੱਚ ਐਚਐਸ ਪ੍ਰਣਯ ਨੂੰ ਸੈਮੀਫਾਈਨਲ ਵਿੱਚ ਚੀਨੀ ਖਿਡਾਰੀ ਤੋਂ 2-0 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਨਾਲ ਪ੍ਰਣਯ ਨੂੰ ਕਾਂਸੀ ਦੇ ਤਗਮੇ ਨਾਲ ਸੰਤੁਸ਼ਟ ਹੋਣਾ ਪਿਆ। ਏਸ਼ਿਆਈ ਖੇਡਾਂ ਵਿੱਚ ਬੈਡਮਿੰਟਨ ਵਿੱਚ ਸੈਮੀਫਾਈਨਲ ਵਿੱਚ ਹਾਰਨ ਵਾਲੇ ਦੋਵੇਂ ਖਿਡਾਰੀਆਂ ਨੂੰ ਕਾਂਸੀ ਦੇ ਤਗ਼ਮੇ ਦਿੱਤੇ ਜਾਂਦੇ ਹਨ।
ਏਸ਼ੀਆਈ ਖੇਡਾਂ ‘ਚ 13ਵੇਂ ਦਿਨ ਭਾਰਤ ਦਾ ਪ੍ਰਦਰਸ਼ਨ
ਕੁਸ਼ਤੀ: ਬਜਰੰਗ ਪੂਨੀਆ ਸੈਮੀਫਾਈਨਲ ‘ਚ ਹਾਰਿਆ ਪੁਰਸ਼ਾਂ ਦੇ ਫਰੀਸਟਾਈਲ 65 ਕਿਲੋਗ੍ਰਾਮ ਭਾਰ ਵਰਗ ਦੇ ਸੈਮੀਫਾਈਨਲ ‘ਚ ਬਜਰੰਗ ਪੂਨੀਆ ਨੂੰ ਈਰਾਨ ਦੇ ਅਮੋਜ਼ਾਦਖਲੀ ਰਹਿਮਾਨ ਨੇ 8-1 ਨਾਲ ਹਰਾ ਦਿੱਤਾ। ਇਸ ਤੋਂ ਪਹਿਲਾਂ ਬਜਰੰਗ ਨੇ ਕੁਆਰਟਰ ਫਾਈਨਲ ਵਿੱਚ ਬਹਿਰੀਨ ਦੇ ਅਲੀਬੇਗੋਵ ਅਲੀਬੇਗ ਸਾਗਿਦਗਸ ਨੂੰ ਹਰਾਇਆ। ਇਸ ਤੋਂ ਪਹਿਲਾਂ ਉਸ ਨੇ ਪ੍ਰੀ-ਕੁਆਰਟਰ ਫਾਈਨਲ ਵਿੱਚ ਫਿਲੀਪੀਨਜ਼ ਦੇ ਤੁਬੋਗ ਰੋਨਿਲ ਨੂੰ 10-0 ਨਾਲ ਹਰਾਇਆ ਸੀ। ਕਿਰਨ ਮਹਿਲਾ ਫਰੀਸਟਾਈਲ 76 ਕਿਲੋਗ੍ਰਾਮ ਭਾਰ ਵਰਗ ਦੇ ਸੈਮੀਫਾਈਨਲ ਮੁਕਾਬਲੇ ਵਿੱਚ ਹਾਰ ਗਈ। ਉਸ ਨੂੰ ਕਜ਼ਾਕਿਸਤਾਨ ਦੀ ਜਮੀਲਾ ਨੇ 4-2 ਨਾਲ ਹਰਾਇਆ।
ਕਬੱਡੀ: ਮਹਿਲਾ ਟੀਮ ਫਾਈਨਲ ਵਿੱਚ ਪਹੁੰਚੀ।ਕਬੱਡੀ ਵਿੱਚ ਮਹਿਲਾ ਟੀਮ ਨੇ ਸੈਮੀਫਾਈਨਲ ਵਿੱਚ ਨੇਪਾਲ ਨੂੰ 61-17 ਨਾਲ ਹਰਾ ਕੇ ਫਾਈਨਲ ਵਿੱਚ ਪ੍ਰਵੇਸ਼ ਕੀਤਾ। ਫਾਈਨਲ ਮੈਚ ਸ਼ਨੀਵਾਰ ਨੂੰ ਖੇਡਿਆ ਜਾਵੇਗਾ।