ਪੰਜਾਬ ‘ਚ ਆਏ ਦਿਨ ਸਰਕਾਰੀ ਵਿਭਾਗਾ ਦੇ ਵਿੱਚ ਕੰਮ ਕਰ ਰਹੇ ਕੱਚੇ ਮੁਲਾਜ਼ਮ ਆਪਣੀਆਂ ਮੰਗਾਂ ਨੂੰ ਲੈ ਕੇ ਧਰਨਾ ਪ੍ਰਦਰਸ਼ਨ ਕਰਦੇ ਹਨ | ਉਧਰ ਸਰਕਾਰੀ ਬੱਸਾਂ ‘ਤੇ ਕੰਮ ਕਰ ਰਹੇ ਕੱਚੇ ਮੁਲਾਜਮਾਂ ਵੱਲੋਂ ਵੀ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ|। ਜਿਸਦੇ ਬਾਵਜੂਦ ਕੋਈ ਢੁਕਵਾਂ ਹੱਲ ਨਿੱਕਲਦਾ ਨਜ਼ਰ ਨਾ ਆਉਣ ਕਾਰਨ ਹੁਣ ਪੰਜਾਬ ਰੋਡਵੇਜ਼, ਪਨਬਸ ਅਤੇ ਪੀ.ਆਰ.ਟੀ.ਸੀ ਕਾਮਿਆਂ ਨੇ ਹੜਤਾਲ ‘ਤੇ ਜਾਣ ਦਾ ਫੈਸਲਾ ਕਰ ਲਿਆ ਹੈ।
ਕੱਚੇ ਮੁਲਾਜ਼ਮਾਂ ਦੁਆਰਾ ਸੰਪੂਰਨ ਰੂਪ ‘ਚ ਚੱਕਾ ਜਾਮ ਕੀਤਾ ਜਾ ਸਕਦਾ ਹੈ, ਹਾਲਾਂਕਿ ਪੱਕੇ ਮੁਲਾਜ਼ਮਾਂ ਦੁਆਰਾ ਬੱਸਾਂ ਉਸੇ ਤਰ੍ਹਾਂ ਚਾਲੂ ਰਹਿਣ ਦੀ ਗੱਲ ਆਖੀ ਗਈ ਹੈ।
ਜਥੇਬੰਦੀ ਦੇ ਸੂਬਾ ਆਗੂ ਹਰਕੇਸ਼ ਵਿਕੀ ਤੇ ਸੁਲਤਾਨ ਸਿੰਘ ਨੇ ਕਿਹਾ ਕਿ ਕੈਪਟਨ ਸਰਕਾਰ ਠੇਕਾ ਮੁਲਾਜ਼ਮਾਂ ਨੂੰ ਰੈਗੂਲਰ ਕਰਨ ਦਾ ਵਾਅਦਾ ਕਰਕੇ ਸੱਤਾ ਚ ਆਈ ਸੀ। ਉਨ੍ਹਾਂ ਕਿਹਾ ਕਿ ਪਿਛਲੇ ਲੰਮੇ ਸਮੇਂ ਤੋਂ ਲਗਾਤਾਰ ਠੇਕਾ ਪ੍ਰਣਾਲੀ ਦੀ ਚੱਕੀ ਚ ਪਿਸ ਰਹੇ ਅਤੇ ਪੰਜਾਬ ਰੋਡਵੇਜ਼ ਪਨਬੱਸ ਅਤੇ ਪੀਆਰਟੀਸੀ ਦੇ ਕੱਚੇ ਕਾਮਿਆਂ ਨੂੰ ਸਬੰਧਤ ਵਿਭਾਗ ਚ ਮਰਜ ਕਰਕੇ ਰੈਗੂਲਰ ਨਹੀਂ ਕੀਤਾ ਹੈ ਅਤੇ ਸਰਕਾਰ ਖ਼ਜ਼ਾਨਾ ਖਾਲੀ ਹੋਣ ਅਤੇ ਕਾਨੂੰਨੀ ਅੜਚਨਾਂ ਦਾ ਬਹਾਨਾ ਬਣਾ ਕੇ ਠੇਕਾ ਮੁਲਾਜ਼ਮਾਂ ਨੂੰ ਪੱਕਾ ਕਰਨ ਦੇ ਵਾਅਦੇ ਤੋਂ ਲਗਾਤਾਰ ਭੱਜ ਰਹੀ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਠੇਕਾ ਵਰਕਰਾਂ ਦੇ ਪੱਕੇ ਰੁਜ਼ਗਾਰ ਦਾ ਪ੍ਰਬੰਧ ਕਰਾਉਣ ਤੱਕ ਜਥੇਬੰਦੀ ਵੱਲੋਂ ਸੰਘਰਸ਼ ਜਾਰੀ ਰੱਖਿਆ ਜਾਵੇਗਾ।
ਪੰਜਾਬ ਰੋਡਵੇਜ਼ ,ਪਨਬੱਸ ਅਤੇ ਪੀ.ਆਰ.ਟੀ.ਸੀ ਵੱਲੋਂ 28, 29 ਤੇ 30 ਜੂਨ ਦੀ ਹੜਤਾਲ ਕਰ ਕੇ 29 ਜੂਨ ਨੂੰ ਕੈਪਟਨ ਅਮਰਿੰਦਰ ਸਿੰਘ ਦੇ ਪਟਿਆਲਾ ਮੋਤੀ ਮਹਿਲ ਘੇਰਨ ਦਾ ਪਲਾਨ ਹੈ।
ਆਗੂਆਂ ਨੇ ਦੱਸਿਆ ਕਿ ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਪੰਜਾਬ ਦੀ 15 ਜੁਲਾਈ ਨੂੰ ਪਟਿਆਲਾ ਵਿਖੇ ਹੋਣ ਵਾਲੀ ਸੂਬਾ ਪੱਧਰੀ ਰੋਸ ਰੈਲੀ ਚ ਪਰਿਵਾਰਾਂ ਸਮੇਤ ਸ਼ਮੂਲੀਅਤ ਕੀਤੀ ਜਾਵੇਗੀ। ਇਸ ਮੌਕੇ ਵਾਈਸ ਚੇਅਰਮੈਨ ਹਰਵਿੰਦਰ ਸਿੰਘ ਵਿਰਕ, ਸੈਕਟਰੀ ਜਗਦੀਸ਼ ਸਿੰਘ ਲਾਲੀ ,ਗੁਰਪਿੰਦਰ ਸਿੰਘ ,ਯਾਦਵਿੰਦਰ ਸਿੰਘ, ਏਕਮ ,ਰਮੇਸ਼ ਕੁਮਾਰ , ਢੀਂਡਸਾ ਆਦਿ ਸਾਥੀਆਂ ਸਮੇਤ ਹਾਜ਼ਰ ਹੋਏ।