ਕਾਂਗਰਸ ਦੇ ਅੰਦਰ ਚੱਲ ਰਹੇ ਕਲੇਸ਼ ਨੂੰ ਲੈਕੇ ਹਾਈਕਮਾਨ ਵਲੋਂ 3 ਮੈਂਬਰੀ ਕਮੇਟੀ ਬਣਾਈ ਗਈ ਸੀ| ਇਸ ਕਮੇਟੀ ਵੱਲੋਂ 3 ਦਿਨ ਕਾਂਗਰਸੀ ਵਿਧਾਇਕਾਂ ਤੋਂ ਸਿੱਧੂ ਅਤੇ ਮੁੱਖ ਮੰਤਰੀ ਦੀ ਨਾਰਾਜ਼ਗੀ ਨੂੰ ਲੈਕੇ ਫੀਡਬੈਕ ਲਿਆ ਗਿਆ| ਅੱਜ ਪੰਜਵੇਂ ਦਿਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਮੁਲਾਕਾਤ ਕੀਤੀ ਗਈ। ਇਸ ਮੁਲਾਕਾਤ ਵਿਚ ਮੁੱਖ ਮੰਤਰੀ ਵਲੋਂ ਹਾਈਕਮਾਨ ਕੋਲ ਆਪਣਾ ਪੱਖ ਰੱਖਿਆ ਗਿਆ ਹੈ।ਲਗਭਗ ਤਿੰਨ ਘੰਟੇ ਚੱਲੀ ਇਸ ਮੀਟਿੰਗ ਤੋਂ ਬਾਅਦ ਜਿਵੇਂ ਹੀ ਮੁੱਖ ਮੰਤਰੀ ਮੀਟਿੰਗ ਤੋਂ ਬਾਹਰ ਆਏ ਤਾਂ ਉਹ ਪੱਤਰਕਾਰਾਂ ਸਾਹਮਣੇ ਜ਼ਿਆਦਾ ਕੁਝ ਨਹੀਂ ਬੋਲੇ। ਮੁੱਖ ਮੰਤਰੀ ਨੇ ਆਖਿਆ ਕਿ ਇਹ ਪਾਰਟੀ ਦੀ ਅੰਦਰੂਨੀ ਗੱਲਬਾਤ ਹੈ, ਜਿਸ ਦੇ ਸਾਰੇ ਤੱਥਾਂ ਨੂੰ ਮੀਡੀਆ ਸਾਹਮਣੇ ਪੇਸ਼ ਨਹੀਂ ਕੀਤਾ ਜਾ ਸਕਦਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਛੇ ਮਹੀਨਿਆਂ ਬਾਅਦ ਪੰਜਾਬ ਵਿਚ ਵਿਧਾਨ ਸਭਾ ਚੋਣਾਂ ਹੋਣ ਜਾ ਰਹੀਆਂ ਹਨ, ਇਸ ਦੇ ਚੱਲਦੇ ਵੀ ਪਾਰਟੀ ਪੱਧਰ ’ਤੇ ਵਿਚਾਰ-ਵਟਾਂਦਰਾ ਕੀਤਾ ਗਿਆ
ਇਥੇ ਇਹ ਵੀ ਖਾਸ ਤੌਰ ’ਤੇ ਦੱਸਣਯੋਗ ਹੈ ਕਿ ਕਾਂਗਰਸ ਵਿਚ ਚੱਲ ਰਹੀ ਖਾਨਾਜੰਗੀ ਨੂੰ ਠੱਲ੍ਹਣ ਲਈ ਹਾਈਕਮਾਨ ਵਲੋਂ ਸੀਨੀਅਰ ਆਗੂਆਂ ਹਰੀਸ਼ ਰਾਵਤ, ਮਲਿਕਾਅਰਜੁਨ ਖੜਗੇ ਤੇ ਜੇ. ਪੀ. ਅਗਰਵਾਲ ਦੀ ਤਿੰਨ ਮੈਂਬਰੀ ਕਮੇਟੀ ਬਣਾਈ ਗਈ ਹੈ। ਇਸ ਕਮੇਟੀ ਵਲੋਂ 5 ਦਿਨਾਂ ਤਕ ਪੰਜਾਬ ਦੇ ਮੰਤਰੀਆਂ ਅਤੇ ਵਿਧਾਇਕਾਂ ਨਾਲ ਗੱਲਬਾਤ ਕੀਤੀ ਗਈ ਅਤੇ ਇਸ ਸਾਰੇ ਮਾਮਲੇ ਦੀ ਰਿਪੋਰਟ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੂੰ ਸੌਂਪੀ ਜਾਵੇਗੀ। ਹੁਣ ਜਦੋਂ ਇਸ ਕਮੇਟੀ ਨੇ ਇਸ ਕਲੇਸ਼ ਦਰਮਿਆਨ ਸਾਰੇ ਆਗੂਆਂ ਨਾਲ ਗੱਲਬਾਤ ਕਰ ਲਈ ਹੈ ਅਤੇ ਰਿਪੋਰਟ ਵੀ ਲਗਭਗ ਤਿਆਰ ਹੈ ਤਾਂ ਹੁਣ ਪਾਰਟੀ ਇਸ ’ਤੇ ਕੀ ਫ਼ੈਸਲਾ ਲੈਂਦੀ ਹੈ, ਇਸ ਦਾ ਪਤਾ ਜਲਦੀ ਹੀ ਲੱਗ ਜਾਵੇਗਾ।