ਅੰਮ੍ਰਿਤਸਰ ‘ਚ ਪੰਜਾਬ ਦੇ ਖੁਫੀਆ ਵਿਭਾਗ ਕਾਊਂਟਰ ਇੰਟੈਲੀਜੈਂਸ ਨੇ ਅੱਜ ਉਸ ਸਮੇਂ ਵੱਡੀ ਸਫਲਤਾ ਹਾਸਲ ਕੀਤੀ, ਜਦੋਂ ਉਨ੍ਹਾਂ ਨੇ 6 ਕਿਲੋਂ ਹੈਰੋਇਨ ਸਮੇਤ ਤਿੰਨ ਨਸ਼ਾਂ ਤਸਕਰਾਂ ਨੂੰ ਗ੍ਰਿਫ਼ਤਾਰ ਕਰ ਲਿਆ। ਕਾਬੂ ਕੀਤੇ ਤਸਕਰਾਂ ’ਚ ਅੰਮ੍ਰਿਤਸਰ ਦੇ ਇਕ ਕਾਲਜ ਦੀ ਵਿਦਿਆਰਥਣ ਲਵਪ੍ਰੀਤ ਕੌਰ ਵੀ ਸ਼ਾਮਲ ਹੈ, ਜੋ ਕਿ ਕੋਟਕਪੂਰਾ ਦੀ ਰਹਿਣ ਵਾਲੀ ਹੈ। ਉਕਤ ਵਿਦਿਆਰਥਣ ਇਨ੍ਹਾਂ ਸਮੱਗਲਰਾਂ ਨਾਲ ਮਿਲ ਕੇ ਹੈਰੋਇਨ ਦਾ ਕੰਮ ਕਰਦੀ ਸੀ। ਪੁਲਸ ਉਕਤ ਮੁਲਜ਼ਮਾਂ ਨੂੰ ਅਦਾਲਤ ‘ਚ ਪੇਸ਼ ਕਰਕੇ ਰਿਮਾਂਡ ’ਤੇ ਲੈ ਕੇ ਜਾ ਰਹੀ ਹੈ ਤਾਂ ਕਿ ਪੁੱਛਗਿੱਛ ਦੌਰਾਨ ਕਈ ਖ਼ੁਲਾਸੇ ਹੋ ਸਕਣ।
ਮਿਲੀ ਜਾਣਕਾਰੀ ਅਨੁਸਾਰ ਪੁਲਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਇਕ ਕਾਰ ਦੇ ਅੰਦਰ ਕੁਝ ਲੋਕ ਸ਼ੱਕੀ ਤੌਰ ’ਤੇ ਘੁੰਮ ਰਹੇ ਹਨ। ਪੁਲਸ ਨੇ ਜਦੋਂ ਉਨ੍ਹਾਂ ਨੂੰ ਕਾਬੂ ਕੀਤਾ ਤਾਂ ਉਨ੍ਹਾਂ ਕੋਲੋਂ 6 ਕਿਲੋ ਹੈਰੋਇਨ ਬਰਾਮਦ ਹੋਈ। ਸਭ ਤੋਂ ਵੱਡੀ ਗੱਲ ਇਹ ਹੈ ਕਿ ਹੈਰੋਇਨ ਦੇ ਇਸ ਮਾਮਲੇ ’ਚ ਇਕ ਵਿਦਿਆਰਥਣ ਵੀ ਹੈ, ਜੋ ਖਾਲਸਾ ਕਾਲਜ ’ਚ ਪੜ੍ਹਦੀ ਹੈ। ਦੱਸ ਦੇਈਏ ਕਿ ਬਰਾਮਦ ਹੋਈ 6 ਕਿਲੋਂ ਹੈਰੋਇਨ ਦੀ ਕੌਮਾਂਤਰੀ ਬਾਜ਼ਾਰ ’ਚ ਕੀਮਤ 30 ਕਰੋੜ ਰੁਪਏ ਹੈ।