31 ਜਨਵਰੀ ਨੂੰ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਦੇ ਭਾਸ਼ਣ ਨਾਲ ਬਜਟ ਸੈਸ਼ਨ ਸ਼ੁਰੂ ਹੋਵੇਗਾ। ਰਾਸ਼ਟਰਪਤੀ ਸੈਂਟਰਲ ਹਾਲ ਵਿੱਚ ਦੋਵਾਂ ਸਦਨਾਂ ਦੇ ਸਾਂਝੇ ਸੈਸ਼ਨ ਨੂੰ ਸੰਬੋਧਨ ਕਰਨਗੇ।ਰਾਸ਼ਟਰਪਤੀ ਦੇ ਸੰਬੋਧਨ ਵਿੱਚ ਆਮ ਤੌਰ ‘ਤੇ ਸਰਕਾਰ ਦੀਆਂ ਪ੍ਰਾਪਤੀਆਂ ਅਤੇ ਭਵਿੱਖੀ ਯੋਜਨਾਵਾਂ ਦਾ ਵੇਰਵਾ ਦਿੱਤਾ ਜਾਂਦਾ ਹੈ।
ਅਜਿਹੇ ਵਿੱਚ ਇਸ ਸਾਲ ਦੇ ਸੰਬੋਧਨ ਵਿੱਚ ਵੀ ਮੋਦੀ ਸਰਕਾਰ ਵੱਲੋਂ ਆਪਣੀਆਂ ਭਵਿੱਖੀ ਯੋਜਨਾਵਾਂ ਅਤੇ ਪ੍ਰਾਪਤੀਆਂ ਦਾ ਖਾਕਾ ਦਿਖਾਇਆ ਜਾਵੇਗਾ। ਦੱਸਿਆ ਜਾ ਰਿਹਾ ਹੈ ਕਿ ਇਸ ਬਜਟ ‘ਚ ਸਰਕਾਰ ਕਿਸਾਨਾਂ ਲਈ ਵੱਡੇ ਐਲਾਨ ਕਰ ਸਕਦੀ ਹੈ।
31 ਜਨਵਰੀ ਨੂੰ ਰਾਸ਼ਟਰਪਤੀ ਦੇ ਭਾਸ਼ਣ ਦੀ ਸਮਾਪਤੀ ਤੋਂ ਬਾਅਦ ਸਰਕਾਰ ਵੱਲੋਂ ਇਸ ਸਾਲ ਦਾ ਆਰਥਿਕ ਸਰਵੇਖਣ ਸੰਸਦ ਦੇ ਦੋਵਾਂ ਸਦਨਾਂ ਵਿੱਚ ਪੇਸ਼ ਕੀਤਾ ਜਾਵੇਗਾ। ਕੋਰੋਨਾ ਦੀ ਤ੍ਰਾਸਦੀ ਦੇ ਬਾਵਜੂਦ ਪਿਛਲੇ ਸਾਲ ਦੇਸ਼ ਦੀ ਅਰਥਵਿਵਸਥਾ ‘ਚ ਸੁਧਾਰ ਦੇ ਸੰਕੇਤ ਮਿਲੇ ਹਨ।
ਆਰਥਿਕ ਸਰਵੇਖਣ ਵਿੱਚ ਅਰਥਵਿਵਸਥਾ ਨੂੰ ਲੈ ਕੇ ਪੈਦਾ ਹੋਣ ਵਾਲੀਆਂ ਚੁਣੌਤੀਆਂ ਅਤੇ ਇਸ ਨਾਲ ਨਜਿੱਠਣ ਲਈ ਸਰਕਾਰ ਦੀ ਤਿਆਰੀ ਦਾ ਲੇਖਾ-ਜੋਖਾ ਪੇਸ਼ ਕੀਤਾ ਜਾਵੇਗਾ।
ਬਜਟ ਸੈਸ਼ਨ ਦਾ ਸਭ ਤੋਂ ਅਹਿਮ ਪਹਿਲੂ 1 ਫਰਵਰੀ ਨੂੰ ਪੇਸ਼ ਹੋਣ ਵਾਲਾ ਆਮ ਬਜਟ ਹੋਵੇਗਾ। ਵਿੱਤ ਮੰਤਰੀ ਨਿਰਮਲਾ ਸੀਤਾਰਮਨ 1 ਫਰਵਰੀ ਨੂੰ ਸਵੇਰੇ 11 ਵਜੇ ਲੋਕ ਸਭਾ ਵਿੱਚ ਆਮ ਬਜਟ ਦੀ ਪੇਸ਼ਕਾਰੀ ਨਾਲ ਸਬੰਧਤ ਆਪਣਾ ਭਾਸ਼ਣ ਸ਼ੁਰੂ ਕਰੇਗੀ।
ਬਜਟ ਦੀ ਦਿਸ਼ਾ ਕਿਹੋ ਜਿਹੀ ਹੋਵੇਗੀ, ਇਸ ਦਾ ਅੰਦਾਜ਼ਾ ਆਰਥਿਕ ਸਰਵੇਖਣ ‘ਚ ਵੀ ਦੇਖਣ ਨੂੰ ਮਿਲੇਗਾ। ਪੰਜ ਰਾਜਾਂ ਵਿੱਚ ਚੱਲ ਰਹੀ ਚੋਣ ਘਮਾਸਾਨ ਦਰਮਿਆਨ ਪੇਸ਼ ਕੀਤੇ ਜਾ ਰਹੇ ਬਜਟ ਵਿੱਚ ਕੁਝ ਵੱਡੇ ਐਲਾਨ ਕੀਤੇ ਜਾਣ ਦੀ ਸੰਭਾਵਨਾ ਹੈ। ਬਜਟ ‘ਚ ਜਿੱਥੇ ਆਮ ਤਨਖਾਹਦਾਰ ਲੋਕਾਂ ਨੂੰ ਟੈਕਸ ‘ਚ ਛੋਟ ਦੀ ਉਮੀਦ ਹੈ, ਉੱਥੇ ਹੀ ਕੋਰੋਨਾ ਮਹਾਮਾਰੀ ਤੋਂ ਪ੍ਰੇਸ਼ਾਨ ਵਪਾਰੀ ਵਰਗ ਨੂੰ ਵੀ ਰਾਹਤ ਦੀ ਉਮੀਦ ਹੈ। ਕਿਸਾਨਾਂ ਨੂੰ ਲੈ ਕੇ ਬਜਟ ‘ਚ ਕੁਝ ਅਹਿਮ ਐਲਾਨ ਕੀਤੇ ਜਾਣ ਦੀ ਸੰਭਾਵਨਾ ਹੈ।