ਨਵੀਂ ਦਿੱਲੀ: ਕੋਰੋਨਾ ਦੇ ਵਧਦੇ ਮਾਮਲਿਆਂ ਦੇ ਚੱਲਦਿਆਂ ਡੀਜੀਸੀਏ ਨੇ ਅੰਤਰਰਾਸ਼ਟਰੀ ਉਡਾਣਾਂ ‘ਤੇ ਲੱਗੀ ਰੋਕ ਨੂੰ 31 ਮਈ, 2021 ਤੱਕ ਵਧਾ ਦਿੱਤਾ ਹੈ। ਇਹ ਪਾਬੰਦੀ ਕੌਮਾਂਤਰੀ ਆਲ ਕਾਰਗੋ ਆਪਰੇਸ਼ਨ ਤੇ ਉਡਾਣਾਂ (ਮਾਲ ਵਾਹਕ ਹਵਾਈ ਜਹਾਜ਼ਾਂ) ਉੱਤੇ ਲਾਗੂ ਨਹੀਂ ਹੋਵੇਗੀ। ਇਸ ਦੇ ਨਾਲ ਹੀ ਲੋੜ ਪੈਣ ’ਤੇ ਕੁਝ ਕੌਮਾਂਤਰੀ ਰੂਟਸ ਉੱਤੇ ਸਬੰਧਤ ਅਥਾਰਟੀ ਦੀ ਮਨਜ਼ੂਰੀ ਤੋਂ ਬਾਅਦ ਉਡਾਣਾਂ ਚਲਾਈਆਂ ਵੀ ਜਾ ਸਕਦੀਆਂ ਹਨ।
ਸ਼ਹਿਰੀ ਹਵਾਬਾਜ਼ੀ ਦੇ ਡਾਇਰੈਕਟਰ ਜਨਰਲ (DGCA) ਨੇ ਹੁਕਮ ਜਾਰੀ ਕੀਤਾ ਹੈ ਕਿ 31 ਮਈ, 2021 ਦੀ ਰਾਤ 11:59 ਵਜੇ (ਭਾਰਤੀ ਸਮਾਂ) ਤੱਕ ਤੈਅ ਅੰਤਰਰਾਸ਼ਟਰੀ ਕਮਰਸ਼ੀਅਲ ਯਾਤਰੀ ਸੇਵਾਵਾਂ ਮੁਲਤਵੀ ਰਹਿਣਗੀਆਂ। ਨਿਰਧਾਰਤ ਕੌਮਾਂਤਰੀ ਉਡਾਣਾਂ ਨੂੰ ਸਮਰੱਥ ਅਧਿਕਾਰੀ ਵੱਲੋਂ ਚੋਣਵੇ ਰੂਟਾਂ ਉੱਤੇ ਮਾਮਲੇ ਦੇ ਆਧਾਰ ਉੱਤੇ ਇਜਾਜ਼ਤ ਦਿੱਤੀ ਜਾ ਸਕਦੀ ਹੈ।
ਪਿਛਲੇ ਵਰ੍ਹੇ ਕੋਰੋਨਾ ਮਹਾਮਾਰੀ ਦੀ ਪਹਿਲੀ ਮਹਾਮਾਰੀ ਦੀ ਲਹਿਰ ਦੌਰਾਨ ਲੱਗੇ ਲੌਕਡਾਊਨ ਤੋਂ ਬਾਅਦ ਉਡਾਣਾਂ ਦਾ ਸੰਚਾਲਨ ਬੰਦ ਹੋ ਗਿਆ ਸੀ ਤੇ ਲਗਭਗ ਦੋ ਮਹੀਨੇ ਬਾਅਦ ਫਿਰ ਸ਼ੁਰੂ ਹੋਇਆ। ਤਦ ਹਵਾਬਾਜ਼ੀ ਅਥਾਰਟੀ ਨੇ ਏਅਰ ਫ਼ੇਅਰ ਕੈਪ ਲਾ ਦਿੱਤੀ ਸੀ। ਫ਼ਰਵਰੀ ਮਹੀਨੇ DGCA ਨੇ ਘੱਟੋ-ਘੱਟ ਪ੍ਰਾਈਸ ਬੈਂਡ ਉੱਤੇ 10 ਫ਼ੀਸਦੀ ਤੇ ਵੱਧ ਤੋਂ ਵੱਧ ਪ੍ਰਾਈਸ ਬੈਂਡ ਉੱਤੇ 30 ਫ਼ੀ ਸਦੀ ਦੀ ਲਿਮਟ ਵਧਾ ਦਿੱਤੀ ਸੀ।