ਦੱਖਣੀ ਨਾਈਜੀਰੀਆ ਵਿਚ ਸ਼ਨੀਵਾਰ ਨੂੰ ਇਕ ਚਰਚ ਵਿਚ ਇਕ ਸਮਾਗਮ ਦੌਰਾਨ ਮਚੀ ਭਗਦੜ ਵਿਚ 31 ਲੋਕਾਂ ਦੀ ਮੌਤ ਹੋ ਗਈ ਅਤੇ ਸੱਤ ਜ਼ਖਮੀ ਹੋ ਗਏ। ਪ੍ਰਬੰਧਕਾਂ ਨੇ ਕਿਹਾ ਕਿ ਇਹ ਸਮਾਗਮ “ਲੋੜਵੰਦਾਂ ਨੂੰ ਉਮੀਦ ਦੇਣ” ਲਈ ਆਯੋਜਿਤ ਕੀਤਾ ਗਿਆ ਸੀ। ਇਕ ਚਸ਼ਮਦੀਦ ਨੇ ਦੱਸਿਆ ਕਿ ਮਰਨ ਵਾਲਿਆਂ ਵਿਚ ਇਕ ਗਰਭਵਤੀ ਔਰਤ ਅਤੇ ਕਈ ਬੱਚੇ ਸ਼ਾਮਲ ਹਨ।
ਰਿਵਰਸ ਸਟੇਟ ਵਿੱਚ ਪੁਲਿਸ ਦੇ ਬੁਲਾਰੇ ਗ੍ਰੇਸ ਇਰਿੰਗ-ਕੋਕੋ ਦੇ ਅਨੁਸਾਰ, ਕਿੰਗਜ਼ ਅਸੈਂਬਲੀ ਪੇਂਟੇਕੋਸਟਲ ਚਰਚ ਦੁਆਰਾ ਆਯੋਜਿਤ ਸਮਾਗਮ ਵਿੱਚ ਮਦਦ ਦੀ ਮੰਗ ਕਰਨ ਵਾਲੇ ਕਈ ਲੋਕਾਂ ਨੇ ਹਿੱਸਾ ਲਿਆ। ਪ੍ਰੋਗਰਾਮ ਦੌਰਾਨ ਹੀ ਭਗਦੜ ਮੱਚ ਗਈ।
ਬਹੁਤ ਸਾਰੇ ਪੀੜਤ ਚਰਚ ਦੁਆਰਾ ਆਯੋਜਿਤ ਪਰਉਪਕਾਰੀ ਸਾਲਾਨਾ ਸਮਾਗਮ ਤੋਂ ਲਾਭ ਲੈਣ ਲਈ ਆਏ ਸਨ। ਨਾਈਜੀਰੀਆ ਵਿੱਚ ਅਜਿਹੀਆਂ ਘਟਨਾਵਾਂ ਅਕਸਰ ਹੁੰਦੀਆਂ ਰਹਿੰਦੀਆਂ ਹਨ। ਇੱਥੋਂ ਦੀ ਅੱਠ ਕਰੋੜ ਤੋਂ ਵੱਧ ਆਬਾਦੀ ਗਰੀਬੀ ਵਿੱਚ ਜੀਅ ਰਹੀ ਹੈ। ਪੁਲਿਸ ਦੇ ਬੁਲਾਰੇ ਨੇ ਦੱਸਿਆ ਕਿ ਚੈਰੀਟੇਬਲ ਪ੍ਰੋਗਰਾਮ ਸ਼ਨੀਵਾਰ ਸਵੇਰੇ 9 ਵਜੇ ਸ਼ੁਰੂ ਹੋਣਾ ਸੀ ਪਰ ਦਰਜਨਾਂ ਲੋਕ ਸਵੇਰੇ 5 ਵਜੇ ਹੀ ਪਹੁੰਚੇ।
ਉਨ੍ਹਾਂ ਕਿਸੇ ਤਰ੍ਹਾਂ ਪ੍ਰਵੇਸ਼ ਦੁਆਰ ਨੂੰ ਤੋੜਿਆ, ਜਿਸ ਨੂੰ ਤਾਲਾ ਲੱਗਾ ਹੋਇਆ ਸੀ। ਨਾਈਜੀਰੀਆ ਦੀ ਨੈਸ਼ਨਲ ਐਮਰਜੈਂਸੀ ਮੈਨੇਜਮੈਂਟ ਏਜੰਸੀ ਦੇ ਗੌਡਵਿਨ ਟੇਪੀਕੋਰ ਨੇ ਕਿਹਾ ਕਿ ਬਚਾਅ ਕਰਮੀਆਂ ਨੇ ਭਗਦੜ ਵਿੱਚ ਮਾਰੇ ਗਏ ਲੋਕਾਂ ਦੀਆਂ ਲਾਸ਼ਾਂ ਨੂੰ ਬਰਾਮਦ ਕੀਤਾ ਅਤੇ ਉਨ੍ਹਾਂ ਨੂੰ ਮੁਰਦਾਘਰ ਵਿੱਚ ਲਿਆਂਦਾ।
ਡੇਨੀਅਲ ਨਾਮ ਦੇ ਇੱਕ ਚਸ਼ਮਦੀਦ ਨੇ ਦੱਸਿਆ ਕਿ ਮਰਨ ਵਾਲਿਆਂ ਵਿੱਚ ਕਈ ਬੱਚੇ ਵੀ ਸ਼ਾਮਲ ਹਨ। ਮ੍ਰਿਤਕ ਬੱਚਿਆਂ ਵਿੱਚੋਂ ਪੰਜ ਇੱਕ ਮਾਂ ਦੇ ਹਨ। ਇੱਕ ਗਰਭਵਤੀ ਔਰਤ ਦੀ ਵੀ ਮੌਤ ਹੋ ਗਈ ਹੈ।