ਮਸ਼ਹੂਰ ਪੰਜਾਬੀ ਗਾਇਕ ਅਤੇ ਰੈਪਰ ਸਿੱਧੂ ਮੂਸੇਵਾਲਾ ਦੇ ਬੇਰਹਿਮੀ ਨਾਲ ਕਤਲ ਨਾਲ ਪੂਰਾ ਪੰਜਾਬ ਸਦਮੇ ਵਿੱਚ ਹੈ। 29 ਮਈ ਨੂੰ ਜਦੋਂ 28 ਸਾਲਾ ਸਿੱਧੂ ਮੂਸੇਵਾਲਾ ਆਪਣੇ ਦੋ ਸਾਥੀਆਂ ਸਮੇਤ ਪਿੰਡ ਮੂਸੇ ਤੋਂ ਬਾਹਰ ਨਿਕਲਿਆ ਤਾਂ ਕੁਝ ਹੀ ਦੂਰੀ ‘ਤੇ ਬਦਮਾਸ਼ਾਂ ਨੇ ਉਸ ਨੂੰ ਘੇਰ ਲਿਆ ਅਤੇ ਅੰਨ੍ਹੇਵਾਹ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਸਿੱਧੂ ਮੂਸੇਵਾਲਾ ‘ਤੇ 30 ਰਾਉਂਡ ਫਾਇਰ ਕੀਤੇ ਗਏ। ਹਸਪਤਾਲ ਲਿਜਾਂਦੇ ਸਮੇਂ ਸਿੱਧੂ ਮੂਸੇਵਾਲਾ ਦੀ ਮੌਤ ਹੋ ਗਈ। ਬਾਅਦ ਵਿੱਚ ਉਸਦੇ ਇੱਕ ਹੋਰ ਸਾਥੀ ਦੀ ਵੀ ਮੌਤ ਹੋ ਗਈ। ਸਿੱਧੂ ਮੂਸੇਵਾਲਾ ਦੇ ਕਤਲ ਤੋਂ ਹਰ ਕੋਈ ਹੈਰਾਨ ਹੈ। ਕਿਸੇ ਕੋਲ ਕੁਝ ਬੋਲਿਆ ਵੀ ਨਹੀਂ ਜਾ ਰਿਹਾ।
ਪਿਛਲੇ ਦਿਨੀਂ ਵੀ ਪੰਜਾਬੀ ਗਾਇਕਾਂ ਅਤੇ ਰੈਪਰਾਂ ‘ਤੇ ਜਾਨਲੇਵਾ ਹਮਲਾ ਹੋਇਆ ਸੀ। ਇਹ ਪਹਿਲੀ ਵਾਰ ਨਹੀਂ ਹੈ ਕਿ ਕਿਸੇ ਪੰਜਾਬੀ ਗਾਇਕ ‘ਤੇ ਇਸ ਤਰ੍ਹਾਂ ਦਾ ਹਮਲਾ ਹੋਇਆ ਹੋਵੇ। ਪਹਿਲਾਂ ਵੀ ਕਈ ਪੰਜਾਬੀ ਗਾਇਕਾਂ ‘ਤੇ ਜਾਨਲੇਵਾ ਹਮਲੇ ਹੋਏ ਸਨ। ਯੰਗ ਡੌਲਫ਼, ਟੂਪੈਕ ਸ਼ਕੂਰ ਵਰਗੇ ਰੈਪਰਾਂ ਨੂੰ ਵੀ ਗੋਲੀਆਂ ਨਾਲ ਭੁੰਨ ਦਿੱਤਾ ਗਿਆ ਸੀ। ਸਿੱਧੂ ਮੂਸੇਵਾਲਾ ਵਾਂਗ ਪੰਜਾਬੀ ਗਾਇਕ ਅਮਰ ਸਿੰਘ ਚਮਕੀਲਾ ਦਾ ਵੀ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਸਿੱਧੂ ਵਾਂਗ ਅਮਰ ਸਿੰਘ ਚਮਕੀਲਾ ਦੀ ਉਮਰ ਵੀ ਕਤਲ ਸਮੇਂ 28 ਸਾਲ ਸੀ।
1988 ‘ਚ ਚਮਕੀਲਾ ਤੇ ਪਤਨੀ ਅਮਰਜੋਤ ‘ਤੇ ਹੋਇਆ ਸੀ ਹਮਲਾ
ਅਮਰ ਸਿੰਘ ਚਮਕੀਲਾ ਦੀ 8 ਮਾਰਚ 1988 ਨੂੰ ਹੱਤਿਆ ਕਰ ਦਿੱਤੀ ਗਈ ਸੀ। ਚਮਕੀਲਾ ਆਪਣੀ ਪਤਨੀ ਅਮਰਜੋਤ ਨਾਲ ਪੰਜਾਬ ਦੇ ਮਹਿਸਮਪੁਰ ‘ਚ ਪਰਫਾਰਮ ਕਰਨ ਪਹੁੰਚਿਆਂ ਸੀ। ਜਿਵੇਂ ਹੀ ਉਹ ਦੋਵੇਂ ਆਪਣੀ ਕਾਰ ਤੋਂ ਹੇਠਾਂ ਉਤਰੇ ਤਾਂ ਬਾਈਕ ਸਵਾਰ ਕੁਝ ਹਮਲਾਵਰਾਂ ਨੇ ਉਨ੍ਹਾਂ ‘ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਇਸ ਵਿੱਚ ਅਮਰ ਸਿੰਘ ਚਮਕੀਲਾ ਅਤੇ ਪਤਨੀ ਅਮਰਜੋਤ ਦੀ ਮੌਤ ਹੋ ਗਈ। ਅਮਰ ਸਿੰਘ ਚਮਕੀਲਾ ਅਤੇ ਅਮਰਜੋਤ ਦੀ ਅਜਿਹੀ ਦਰਦਨਾਕ ਮੌਤ ਨਾਲ ਹਰ ਕੋਈ ਹੈਰਾਨ ਰਹਿ ਗਿਆ। ਉਸ ਦਾ ਬੇਰਹਿਮੀ ਨਾਲ ਕਤਲ ਕਿਉਂ ਕੀਤਾ ਗਿਆ? ਕਿਸਨੇ ਕੀਤਾ? ਇਹ ਅੱਜ ਤੱਕ ਇੱਕ ਰਾਜ਼ ਬਣਿਆ ਹੋਇਆ ਹੈ।
ਧੜਿਆਂ ’ਚ ਵੰਡੇ ਹੋਏ ਨੇ ਕਲਾਕਾਰ
ਕੋਈ ਮੰਨੇ ਜਾਂ ਨਾ ਮੰਨੇ ਪਰ ਜਿਸ ਤਰ੍ਹਾਂ ਕਦੇ ਬਾਲੀਵੁਡ ’ਚ ਸੁਣਿਆ ਕਰਦੇ ਸੀ ਕਿ ਵੱਡੇ ਸਿਤਾਰਿਆਂ ਵਲੋਂ ਆਪਣੇ-ਆਪਣੇ ਧੜੇ ਬਣਾ ਕੇ ਜੂਨੀਅਰ ਕਲਾਕਾਰਾਂ ਨੂੰ ਕੰਟਰੋਲ ਕੀਤਾ ਜਾਂਦਾ ਹੈ ਤੇ ਫ਼ਿਲਮਾਂ ’ਚ ਕੰਮ ਦਿਵਾਉਣ ਲਈ ਧੜੇਬਾਜ਼ੀ ਦਾ ਖਿਆਲ ਰੱਖਿਆ ਜਾਂਦਾ ਹੈ, ਠੀਕ ਉਂਝ ਹੀ ਪੰਜਾਬ ’ਚ ਵੀ ਕਲਾਕਾਰਾਂ, ਖ਼ਾਸ ਕਰਕੇ ਗਾਇਕਾਂ ਦੇ ਧੜੇ ਬਣੇ ਹੋਏ ਹਨ। ਗਾਇਕ ਆਪਣੇ ਵਿਰੋਧੀ ਧੜੇ ਵਾਲੇ ਗਾਇਕਾਂ ਖ਼ਿਲਾਫ਼ ਨਾ ਸਿਰਫ਼ ਸੋਸ਼ਲ ਮੀਡੀਆ ’ਤੇ ਪ੍ਰਚਾਰ ਕਰਦੇ ਹਨ, ਸਗੋਂ ਕਈ ਗਾਣਿਆਂ ਰਾਹੀਂ ਵੀ ਇਕ-ਦੂਜੇ ਨੂੰ ਨੀਵਾਂ ਦਿਖਾਉਣ ਦੀ ਕੋਸ਼ਿਸ਼ ਕਰਦੇ ਰਹਿੰਦੇ ਹਨ।
ਇਸ ਸਭ ਦੇ ਪਿੱਛੇ ਹਜ਼ਾਰਾਂ ਕਰੋੜ ਰੁਪਏ ਦੀ ਪੰਜਾਬੀ ਸੰਗੀਤ ਇੰਡਸਟਰੀ ਹੈ, ਜੋ ਕਿ ਪੰਜਾਬ ਤੋਂ ਲੈ ਕੇ ਦੁਨੀਆ ਦੇ ਹਰ ਕੋਨੇ ’ਚ ਵਸੇ ਪੰਜਾਬੀਆਂ ਦੀ ਬਦੌਲਤ ਲਗਾਤਾਰ ਕਾਇਮ ਹੈ ਤੇ ਗਾਇਕਾਂ ਨੂੰ ਉਨ੍ਹਾਂ ਦੀ ਅਤੁਲ ਜਾਇਦਾਦ ਬਣਾਉਣ ਦਾ ਮੌਕਾ ਵੀ ਪ੍ਰਦਾਨ ਕਰਦੀ ਹੈ।
ਚਰਚਾ ਹੈ ਕਿ ਸਿੱਧੂ ਮੂਸੇ ਵਾਲਾ ਪੰਜਾਬ ਦੇ ਗਾਇਕਾਂ ਦੀ ਧੜੇਬਾਜ਼ੀ ਤੋਂ ਵੱਖ ਰਿਹਾ ਤੇ ਆਪਣੇ ਦਮ ’ਤੇ ਸਾਰਿਆਂ ਨੂੰ ਪਿੱਛੇ ਛੱਡਦਾ ਚਲਾ ਗਿਆ। ਉਸ ਦੀ ਦੇਖਾ-ਦੇਖੀ ਕੁਝ ਹੋਰ ਗਾਇਕਾਂ ਵਲੋਂ ਵੀ ਧੜੇਬਾਜ਼ੀ ਤੋਂ ਦੂਰੀ ਬਣਾਉਣ ਦੀ ਕੋਸ਼ਿਸ਼ ਕੀਤੀ ਗਈ, ਜਿਸ ਕਾਰਨ ਧੜਿਆਂ ਨੂੰ ਚਲਾਉਣ ਵਾਲਿਆਂ ਦੀ ਕਮਾਈ ’ਤੇ ਵੀ ਅਸਰ ਪੈਣ ਲੱਗਾ ਸੀ, ਜਿਸ ਕਾਰਨ ਹੀ ਗੈਂਗਸਟਰਾਂ ਨੂੰ ਕੰਮ ’ਤੇ ਲਗਾਇਆ ਗਿਆ।