ਬਰਮਿੰਘਮ ਟੈਸਟ ਦੌਰਾਨ ਰਿਸ਼ਭ ਪੰਤ ਤੇ ਰਵਿੰਦਰ ਜਡੇਜਾ ਦੇ ਸੈਂਕੜਿਆਂ ਤੋਂ ਬਾਅਦ ਭਾਰਤੀ ਪ੍ਰਸ਼ੰਸਕਾਂ ਨੂੰ ਕਪਤਾਨ ਜਸਪ੍ਰੀਤ ਬੁਮਰਾਹ ਦਾ ਜਲਵਾ ਵੀ ਦੇਖਣ ਨੂੰ ਮਿਲਿਆ। ਆਖ਼ਰੀ ਨੰਬਰ ‘ਤੇ ਬੱਲੇਬਾਜ਼ੀ ਕਰਨ ਆਏ ਬੁਮਰਾਹ ਨੇ ਸਿਰਫ਼ 16 ਗੇਂਦਾਂ ‘ਚ 31 ਦੌੜਾਂ ਬਣਾਈਆਂ ਤੇ ਟੀਮ ਦਾ ਸਕੋਰ 400 ਤੋਂ ਉੱਪਰ ਲਿਜਾਣ ‘ਚ ਮਦਦ ਕੀਤੀ। ਬੁਮਰਾਹ ਜਦੋਂ ਬੱਲੇਬਾਜ਼ੀ ਕਰ ਰਹੇ ਸਨ, ਉਦੋਂ ਬ੍ਰਾਡ ਦੇ ਇਕ ਓਵਰ ‘ਚ 35 ਦੌੜਾਂ ਆਈਆਂ । ਇਹ ਹੁਣ ਤਕ ਟੈਸਟ ਕ੍ਰਿਕਟ ‘ਚ ਇਕ ਓਵਰ ‘ਚ ਆਈਆਂ ਸਭ ਤੋਂ ਜ਼ਿਆਦਾ ਦੌੜਾਂ ਹਨ । ਬ੍ਰਾਡ ਨੇ ਇਸ ਦੌਰਾਨ ਵਾਈਡ ਤੇ ਨੋ ਬਾਲ ‘ਤੇ ਵੀ ਦੌੜਾਂ ਖਾਦੀਆਂ। ਦੇਖੋ ਰਿਕਾਰਡ-
ਟੈਸਟ ਕ੍ਰਿਕਟ ਦੇ ਇਕ ਓਵਰ ‘ਚ ਸਭ ਤੋਂ ਜ਼ਿਆਦਾ ਦੌੜਾਂ
35 ਜਸਪ੍ਰੀਤ ਬੁਮਰਾਹ ਨੇ ਸਟੁਅਰਟ ਬ੍ਰਾਡ ਦੇ ਖ਼ਿਲਾਫ਼, ਬਰਮਿੰਘਮ 2022
28 ਬ੍ਰਾਇਨ ਲਾਰਾ ਨੇ ਆਰ ਪੀਟਰਸਨ ਦੇ ਖ਼ਿਲਾਫ਼, ਜੋਹਾਨਸਬਰਗ 2003
28 ਜਾਰਜ ਬੇਲੀ ਨੇ ਜੇਮਸ ਐਂਡਰਸਨ ਦੇ ਖ਼ਿਲਾਫ਼, ਪਰਥ 2013
28 ਕੇਸ਼ਵ ਮਹਾਰਾਜ ਨੇ ਜੋਅ ਰੂਟ ਦੇ ਖ਼ਿਲਾਫ਼, ਪੋਰਟ ਐਲੀਜ਼ਾਬੇਥ 2020
ਜ਼ਿਕਰਯੋਗ ਹੈ ਕਿ ਟੀ20 ‘ਚ ਇਕ ਓਵਰ ‘ਚ ਸਭ ਤੋਂ ਜ਼ਿਆਦਾ ਦੌੜਾਂ ਖਾਣ ਦਾ ਰਿਕਾਰਡ ਵੀ ਸਟੁਅਰਟ ਬ੍ਰਾਡ ਦੇ ਹੀ ਨਾਂ ਹੈ। ਬ੍ਰਾਡ ਨੇ 2008 ਟੀ20 ਕ੍ਰਿਕਟ ਵਰਲਡ ਕੱਪ ਦੇ ਦੌਰਾਨ ਡਰਬਨ ਦੇ ਮੈਦਾਨ ‘ਤੇ ਭਾਰਤੀ ਬੱਲੇਬਾਜ਼ ਯੁਵਰਾਜ ਸਿੰਘ ਤੋਂ ਇਕ ਓਵਰ ‘ਚ 6 ਛੱਕੇ ਖਾਦੇ ਸਨ। ਅੰਕਿਲਾ ਧਨੰਜੈ ਵੀ ਇਕ ਓਵਰ ‘ਚ 36 ਦੌੜਾਂ ਦੇ ਚੁੱਕੇ ਹਨ।