ਅੱਜ ਦੇ ਜ਼ਮਾਨੇ ‘ਚ ਕੁੜੀਆਂ ਵੀ ਮੁੰਡਿਆਂ ਦੇ ਨਾਲ ਮੋਢੇ ਦੇ ਮੋਢਾ ਜੋੜ ਕੇ ਹਰ ਖੇਤਰ ‘ਚ ਕੰਮ ਕਰ ਰਹੀਆਂ ਹਨ।ਹਾਲਾਂਕਿ ਹੁਣ ਕੁੜੀਆਂ ਹਰ ਫੀਲ਼ਡ ‘ਚ ਅੱਗੇ ਹਨ।ਕਿਹਾ ਜਾਂਦਾ ਹੈ ਕਿ ਕੁੜੀਆਂ ਪ੍ਰਤੀ ਲੋਕਾਂ ਦੀ ਸੋਚ ਬਦਲ ਚੁੱਕੀ ਹੈ ਹੁਣ ਲੋਕ ਕੁੜੀਆਂ ਨੂੰ ਭਰੂਣ ‘ਚ ਨਹੀਂ ਮਾਰਦੇ, ਸਗੋਂ ਹੁਣ ਲੋਕ ਕੁੜੀਆਂ ਦੀਆਂ ਲੋਹੜੀਆਂ ਮਨਾਉਣ ਲੱਗੇ ਹਨ, ਚੰਗੀ ਸਿੱਖਿਆ ਦੇ ਰਹੇ ਹਨ।ਪਰ ਕੁਝ ਮਾਂ-ਬਾਪ ਅੱਜ ਵੀ ਕੁੜੀ ਦੇ ਜਨਮ ਤੋਂ ਡਰਦੇ ਹਨ, ਕੁਝ ਵੀ ਦਰਿੰਦਿਆਂ ਤੋਂ ਅਤੇ ਕੁਝ ਵੀ ਦਾਜ ਦੇ ਲੋਭੀਆਂ ਤੋਂ।
ਹਰ ਖੇਤਰ ‘ਚ ਅੱਗੇ ਹੋਣ ਦੇ ਬਾਵਜੂਦ ਵੀ ਕੁੜੀਆਂ ਇਹੋ ਜਿਹੇ ਦਰਿੰਦਿਆਂ ਦੇ ਹੱਥੋਂ ਮਾਰੀਆਂ ਜਾਂਦੀਆਂ ਹਨ।ਅਜਿਹਾ ਹੀ ਮਾਮਲਾ ਸਾਹਮਣੇ ਆਇਆ ਜਲਾਲਾਬਾਦ ਦੇ ਪਿੰਡ ਖੁੰਡ ਤੋਂ ਜਿੱਥੇ ਚਾਰ ਮਹੀਨੇ ਪਹਿਲਾਂ ਵਿਆਹੀ ਕੁੜੀ ਦੀ ਭੇਦਭਰੇ ਹਾਲਾਤਾਂ ‘ਚ ਮੌਤ ਹੋ ਜਾਂਦੀ ਹੈ।ਮਾਂ-ਬਾਪ ਬੜੇ ਹੀ ਚਾਵਾਂ-ਲਾਡਾਂ ਨਾਲ ਧੀਆਂ ਦਾ ਵਿਆਹ ਕਰਦੇ ਹਨ।ਦੱਸਣਯੋਗ ਹੈ ਕਿ ਮ੍ਰਿਤਕ ਦਾ ਵਿਆਹ ਜਨਵਰੀ ਹੋਇਆ ਸੀ।ਮ੍ਰਿਤਕ ਦੀ ਪਛਾਣ ਵੀਰਪਾਲ ਵਜੋਂ ਹੋਈ ਹੈ।ਜ਼ਿਕਰਯੋਗ ਹੈ ਕਿ ਮ੍ਰਿਤਕ ਦਾ ਪਤੀ ਪੰਜਾਬ ਪੁਲਿਸ ਮਹਿਕਮੇ ‘ਚ ਬਤੌਰ ਕਾਂਸਟੇਬਲ ਨੌਕਰੀ ਕਰਦਾ ਹੈ ਜੋ ਕਿ ਜ਼ਿਲ੍ਹਾ ਫਾਜ਼ਿਲਕਾ ਦੀ ਚੌਕੀ ‘ਚ ਤਾਇਨਾਤ ਹੈ।
ਮ੍ਰਿਤਕ ਵੀਰਪਾਲ ਕੌਰ ਦੇ ਪਿਤਾ ਨੇ ਦਾਜ ਲਈ ਤੰਗ ਪ੍ਰੇਸ਼ਾਨ ਕਰਨ ਅਤੇ ਬੇਟੀ ਨੂੰ ਜਾਨੋਂ ਮਾਰਨ ਦੇ ਦੋਸ਼ ਲਾਏ ਹਨ।ਮ੍ਰਿਤਕ ਦੇ ਪਿਤਾ ਮੁਖਤਿਆਰ ਸਿੰਘ ਨੇ ਦੱਸਿਆ ਕਿ ਲੜਕੀ ਦੇ ਸਹੁਰੇ ਨੇ ਫੋਨ ਕਰਕੇ ਦੱਸਿਆ ਕਿ ਉਨਾਂ੍ਹ ਦੀ ਲੜਕੀ ਨੇ ਖੁਦਕੁਸ਼ੀ ਕਰ ਲਈ ਹੈ।ਜਿਸ ਮਗਰੋਂ ਉਹ ਲੜਕੀ ਦੇ ਸਹੁਰੇ ਘਰ ਪਹੁੰਚੇ ਤਾਂ ਉਨ੍ਹਾਂ ਦੀ ਬੇਟੀ ਦੀ ਲਾਸ਼ ਵੇਖਕੇ ਉਨਾਂ੍ਹ ਨੂੰ ਆਤਮ ਹੱਤਿਆ ਨਹੀਂ ਸਗੋਂ ਉਸ ਦੀ ਹੱਤਿਆ ਕੀਤੀ ਗਈ ਦਾ ਸ਼ੱਕ ਹੋਇਆ।ਮ੍ਰਿਤਕ ਲੜਕੀ ਦੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਵਿਆਹ ਤੋਂ ਬਾਅਦ ਆਏ ਦਿਨ ਉਸਦੇ ਸਹੁਰੇ ਪਰਿਵਾਰ ਵਲੋਂ ਪੈਸਿਆਂ ਦੀ ਮੰਗ ਕੀਤੀ ਜਾਂਦੀ ਸੀ, ਉਨਾਂ੍ਹ ਦੀਆਂ ਮੰਗਾਂ ਪੂਰੀਆਂ ਨਾਲ ਹੋਣ ਕਾਰਨ ਉਨ੍ਹਾਂ ਨੇ ਲੜਕੀ ਨੂੰ ਜਾਨੋਂ ਮਾਰ ਦਿੱਤਾ।ਫਿਲਹਾਲ ਇਸ ਮਾਮਲੇ ‘ਚ ਪੁਲਿਸ ਵਲੋਂ ਧਾਰਾ 304ਬੀ ਦੇ ਤਹਿਤ ਦੋਸ਼ੀਆਂ ਦੇ ਵਿਰੁੱਧ ਮਾਮਲਾ ਦਰਜ ਕਰ ਲਿਆ ਗਿਆ ਹੈ।