ਹਰਿਆਣਾ ਦੇ ਟੋਹਾਣਾ ਦੇ ਵਿੱਚ ਰਾਕੇਸ਼ ਟਿਕੈਤ ਦੀ ਅਗਵਾਈ ਦੇ ਵਿੱਚ ਕਿਸਾਨ 2 ਦਿਨ ਤੋਂ ਥਾਣੇ ਦੇ ਬਾਹਰ ਦਿਨ ਰਾਤ ਧਰਨਾ ਦੇ ਰਹੇ ਹਨ | ASI ਦੀ ਸ਼ਿਕਾਇਤ ‘ਤੇ ਪੁਲਿਸ ਪ੍ਰਸ਼ਾਸਨ ਵੱਲੋਂ ਦਰਜ ਕੀਤੇ ਕੇਸ ਨੂੰ ਰੱਦ ਕਰਨ ਦੀ ਮੰਗ ਨੂੰ ਲੈ ਕੇ ਅੱਜ ਰਾਕੇਸ਼ ਟਿਕੈਤ ਸਣੇ ਕਿਸਾਨ ਸਦਰ ਥਾਣੇ ਵਿੱਚ ਲਗਾਤਾਰ ਪ੍ਰਦਰਸ਼ਨ ਕੀਤਾ,ਜਿਸ ਤੋਂ ਬਾਅਦ ਕਿਸਾਨਾਂ ਨੇ ਵੱਡਾ ਐਲਾਨ ਕੀਤਾ ਕਿ ਅੱਜ ਹਰਿਆਣਾ ਦੇ ਸਾਰੇ ਥਾਣਿਆਂ ਵਿਚ 4 ਘੰਟੇ ਘਿਰਾਓ ਕੀਤਾ ਜਾਵੇਗਾ।
ਕਿਸਾਨ ਆਗੂਆਂ ਨੇ ਚਾਰ ਜ਼ਿਲ੍ਹਿਆਂ ਫਤਿਆਬਾਦ, ਹਿਸਾਰ, ਸਿਰਸਾ ਅਤੇ ਜੀਂਦ ਦੇ ਕਿਸਾਨਾਂ ਨੂੰ ਟੋਹਾਣਾ ਪਹੁੰਚਣ ਦਾ ਸੱਦਾ ਦਿੱਤਾ। ਇਸ ਤੋਂ ਉਮੀਦ ਹੈ ਕਿ ਕੱਲ੍ਹ ਵੱਡੀ ਗਿਣਤੀ ਵਿੱਚ ਕਿਸਾਨ ਟੋਹਾਣਾ ਇਕੱਠੇ ਹੋਣਗੇ।
ਦੱਸਣਯੋਗ ਹੈ ਕਿ ਅੱਜ ਸਵੇਰ ਤੋਂ ਹੀ ਸਦਰ ਥਾਣਾ ਟੋਹਾਣਾ ਵਿਚ ਕਿਸਾਨਾਂ ਦੀ ਗਿਣਤੀ ਵਧਣੀ ਸ਼ੁਰੂ ਹੋ ਗਈ। ਰਾਕੇਸ਼ ਟਿਕੈਤ ਦਾ ਕਹਿਣਾ ਹੈ ਕਿ ਹੁਣ ਉਹ ਟੋਹਾਣਾ ਤੋਂ ਸਾਰਾ ਮਾਮਲਾ ਨਿਪਟਾਉਣ ਤੋਂ ਬਾਅਦ ਹੀ ਜਾਣਗੇ, ਚਾਹੇ ਉਸਨੂੰ ਇੱਥੇ ਕਿੰਨੇ ਦਿਨ ਵੀ ਬੈਠਣਾ ਪਏ। ਗੁਰਨਾਮ ਚਢੂਨੀ, ਯੋਗੇਂਦਰ ਯਾਦਵ, ਜੋਗਿੰਦਰ ਨੈਨ ਸਮੇਤ ਸੰਯੁਕਤ ਕਿਸਾਨ ਮੋਰਚੇ ਦੇ ਬਹੁਤ ਸਾਰੇ ਆਗੂ ਵੀ ਮੌਜੂਦ ਰਹੇ।