ਯੂਕਰੇਨ ਦੇ ਲੜਾਕੂ ਪਾਇਲਟ, ਜਿਸ ਨੇ ਯੁੱਧ ਵਿੱਚ ਰੂਸੀ ਹਵਾਈ ਸੈਨਾ ਦੇ ਛੱਕੇ ਛੁਡਾਏ ਤੇ ਜੋ ਰੂਸੀ ਹਵਾਈ ਸੈਨਾ ਦੇ ਜਹਾਜ਼ਾਂ ‘ਤੇ ਕਾਲ ਬਣ ਬਰਸਿਆ, ਆਖਰਕਾਰ ਆਪਣੇ ਦੇਸ਼ ਲਈ ਕੁਰਬਾਨ ਹੋ ਗਿਆ। ਯੂਕਰੇਨ ‘ਤੇ ਹਮਲਾ ਕਰਨ ਵਾਲੇ ਤੇ ਰੂਸ ਦੇ ਦੰਦ ਖੱਟੇ ਕਰਨ ਵਾਲੇ ‘ਗੋਸਟ ਆਫ ਕੀਵ’ ਨਾਂ ਨਾਲ ਮਸ਼ਹੂਰ ਹੋਏ ਯੂਕਰੇਨੀ ਪਾਇਲਟ ਦੀ ਮੌਤ ਹੋ ਗਈ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਯੂਕਰੇਨ ਦੇ ਇਸ ਪਾਇਲਟ ਨੇ ਹੁਣ ਤੱਕ ਜੰਗ ਵਿੱਚ 40 ਤੋਂ ਵੱਧ ਰੂਸੀ ਜਹਾਜ਼ਾਂ ਨੂੰ ਸੁੱਟਿਆ ਹੈ।
ਬ੍ਰਿਟੇਨ ਦੇ ਮੀਡੀਆ ਪੋਰਟਲ ‘ਦਿ ਟਾਈਮਜ਼ ਆਫ ਲੰਡਨ’ ਨੇ ਉਸ ਦੀ ਪਛਾਣ ਦਾ ਖੁਲਾਸਾ ਕਰਨ ਦਾ ਦਾਅਵਾ ਕੀਤਾ ਹੈ। ਪੋਰਟਲ ਮੁਤਾਬਕ ਪਾਇਲਟ ਦਾ ਨਾਂ ਮੇਜਰ ਸਟੀਫਨ ਤਾਰਾਬੱਲਕਾ ਸੀ। ਉਸ ਨੇ 29 ਸਾਲ ਦੀ ਉਮਰ ਵਿੱਚ ਕੀਤੇ ਕਾਰਨਾਮੇ ਲਈ ਉਸ ਨੂੰ ਯੂਕਰੇਨ ਦੇ ਸਰਵਉੱਚ ਬਹਾਦਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਹੈ।
‘ਗੋਸਟ ਆਫ ਕੀਵ’ ਵਜੋਂ ਜਾਣੇ ਜਾਂਦੇ ਇਸ ਪਾਇਲਟ ਨੇ ਯੁੱਧ ਦੇ ਪਹਿਲੇ ਹੀ ਦਿਨ 10 ਰੂਸੀ ਲੜਾਕੂ ਜਹਾਜ਼ਾਂ ਨੂੰ ਡੇਗ ਦਿੱਤਾ ਸੀ। ਇਸ ਤੋਂ ਬਾਅਦ ਪੂਰੀ ਦੁਨੀਆ ‘ਚ ਉਸ ਦੀ ਚਰਚਾ ਹੋ ਰਹੀ ਸੀ। ਦਿ ਟਾਈਮਜ਼ ਦੇ ਅਨੁਸਾਰ, ਮੇਜਰ ਸਟੀਫਨ ਦਾ ਜਨਮ ਪੱਛਮੀ ਯੂਕਰੇਨ ਦੇ ਇੱਕ ਛੋਟੇ ਜਿਹੇ ਪਿੰਡ ਕੋਰੋਲੀਵਕਾ ਵਿੱਚ ਹੋਇਆ ਸੀ।
ਉਸ ਦਾ ਪਰਿਵਾਰ ਮਜ਼ਦੂਰ ਪਰਿਵਾਰ ਸੀ। ਸਟੀਫਨ ‘ਤੇ ਬਚਪਨ ਤੋਂ ਹੀ ਪਾਇਲਟ ਬਣਨ ਦਾ ਭੂਤ ਸਵਾਰ ਸੀ। ਵੱਡਾ ਹੋ ਕੇ ਉਸ ਨੇ ਇਹ ਮੁਕਾਮ ਵੀ ਹਾਸਲ ਕੀਤਾ।
ਰੂਸ-ਯੂਕਰੇਨ ਯੁੱਧ ਵਿਚ ਮੇਜਰ ਸਟੀਫਨ ਨੇ ਮਿਗ-29 ਲੜਾਕੂ ਜਹਾਜ਼ ਉਡਾ ਕੇ ਦੁਸ਼ਮਣ ਨੂੰ ਕਾਫੀ ਨੁਕਸਾਨ ਪਹੁੰਚਾਇਆ ਸੀ। ਜੰਗ ਸ਼ੁਰੂ ਹੁੰਦੇ ਹੀ ਉਸ ਨੇ ਰੂਸੀ ਹਵਾਈ ਸੈਨਾ ਦੇ 10 ਲੜਾਕੂ ਜਹਾਜ਼ਾਂ ਨੂੰ ਤਬਾਹ ਕਰ ਦਿੱਤਾ। ਇਕ ਪਾਇਲਟ ਦੇ ਹੱਥੋਂ ਰੂਸ ਵਰਗੀ ਵੱਡੀ ਫੌਜ ਨੂੰ ਇੰਨਾ ਵੱਡਾ ਝਟਕਾ ਦੇਣ ਕਾਰਨ ਯੂਕਰੇਨ ਦੇ ਫੌਜੀਆਂ ਨੇ ਹੌਂਸਲੇ ਦੀਆਂ ਬੁਲੰਦੀਆਂ ‘ਤੇ ਪਹੁੰਚ ਕੇ ਰੂਸੀ ਫੌਜੀਆਂ ਨੂੰ ਸਖਤ ਟੱਕਰ ਦਿੱਤੀ।
ਦਿ ਟਾਈਮਜ਼ ਮੁਤਾਬਕ 13 ਮਾਰਚ ਨੂੰ ਮੇਜਰ ਸਟੀਫਨ ਇੱਕ ਵਾਰ ਫਿਰ ਮਿਗ-29 ਲੈ ਕੇ ਰੂਸੀ ਜਹਾਜ਼ਾਂ ਨੂੰ ਡੇਗਣ ਲਈ ਨਿਕਲੇ ਸਨ। ਪਰ ਉਸ ਨੂੰ ਦੁਸ਼ਮਣ ਨੇ ਘੇਰ ਲਿਆ ਸੀ। ਉਸ ਦੇ ਜਹਾਜ਼ ‘ਤੇ ਹਮਲਾ ਹੋਇਆ ਅਤੇ ਸਟੀਫਨ ਲੜਦੇ ਹੋਏ ਸ਼ਹੀਦ ਹੋ ਗਿਆ।