ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਬਰਮਿੰਘਮ (ਯੂ.ਕੇ.) ਵਿਖੇ ਚੱਲ ਰਹੀਆਂ ਰਾਸ਼ਟਰਮੰਡਲ ਖੇਡਾਂ ਵਿੱਚ ਕਾਂਸੇ ਦਾ ਤਮਗਾ ਜਿੱਤਣ ਵਾਲੀ ਵੇਟਲਿਫਟਰ ਹਰਜਿੰਦਰ ਕੌਰ ਲਈ 40 ਲੱਖ ਰੁਪਏ ਦੇ ਨਗਦ ਇਨਾਮ ਦਾ ਐਲਾਨ ਕੀਤਾ।
ਜਿਕਰਯੋਗ ਹੈ ਕਿ ਹਰਜਿੰਦਰ ਕੌਰ ਨੇ ਸਨੈਚ ਵਿੱਚ 93 ਕਿਲੋ ਅਤੇ ਕਲੀਨ ਐਂਡ ਜਰਕ ਵਿੱਚ 119 ਕਿਲੋਗ੍ਰਾਮ ਕੁੱਲ 212 ਕਿਲੋਗ੍ਰਾਮ ਭਾਰ ਚੁੱਕ ਕੇ ਕਾਂਸੀ ਦਾ ਤਗਮਾ ਜਿੱਤਿਆ। ਇਸ ਈਵੈਂਟ ਦਾ ਸੋਨ ਤਮਗਾ ਇੰਗਲੈਂਡ ਦੀ ਸਾਰਾਹ ਡੇਵਿਸ ਨੇ ਜਿੱਤਿਆ ਜਦੋਂਕਿ ਚਾਂਦੀ ਦਾ ਤਗਮਾ ਕੈਨੇਡਾ ਦੇ ਅਲੈਕਸਿਸ ਐਸ਼ਵਰਥ ਨੇ ਜਿੱਤਿਆ।
ਮੁੱਖ ਮੰਤਰੀ ਨੇ ਹਰਜਿੰਦਰ ਕੌਰ ਨੂੰ ਵਧਾਈ ਦਿੰਦਿਆਂ ਕਿਹਾ ਕਿ ਨਾਭਾ ਨੇੜਲੇ ਪਿੰਡ ਮੈਹਸ ਦੀ ਉਭਰਦੀ ਖਿਡਾਰਨ ਨੇ ਇਸ ਵਿਲੱਖਣ ਪ੍ਰਾਪਤੀ ਨਾਲ ਮੁਲਕ ਦਾ ਨਾਂ ਰੌਸ਼ਨ ਕੀਤਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਸੂਬੇ ਦੀ ਖੇਡ ਨੀਤੀ ਅਨੁਸਾਰ ਉਸ ਨੂੰ 40 ਲੱਖ ਰੁਪਏ ਦਾ ਨਗਦ ਇਨਾਮ ਦੇਵੇਗੀ।
ਰਾਸ਼ਟਰਮੰਡਲ ਖੇਡਾਂ ਵਿੱਚ ਨਾਭਾ ਨੇੜਲੇ ਪਿੰਡ ਮੈਹਸ ਦੀ ਜੰਮਪਲ ਹਰਜਿੰਦਰ ਕੌਰ ਵੱਲੋਂ ਵੇਟ ਲਿਫਟਿੰਗ ‘ਚ ਕਾਂਸੀ ਦਾ ਤਮਗਾ ਜਿੱਤਣ ‘ਤੇ ਵਧਾਈਆਂ…
ਹਰਜਿੰਦਰ ਤੁਸੀਂ ਪੰਜਾਬ ਦੀਆਂ ਬੱਚੀਆਂ ਲਈ ਪ੍ਰੇਰਣਾਸਰੋਤ ਬਣੋਗੇ…ਤੁਹਾਡੇ ਮਾਪੇ ਅਤੇ ਕੋਚ ਸਾਹਿਬਾਨ ਨੂੰ ਵੀ ਵਧਾਈਆਂ…ਚੰਗੇ ਭਵਿੱਖ ਲਈ ਸ਼ੁਭਕਾਮਨਾਵਾਂ…
ਚੱਕਦੇ ਇੰਡੀਆ…. pic.twitter.com/qtn3lkgHJ5
— Bhagwant Mann (@BhagwantMann) August 2, 2022
ਭਗਵੰਤ ਮਾਨ ਨੇ ਉਮੀਦ ਜ਼ਾਹਰ ਕੀਤੀ ਕਿ ਹਰਜਿੰਦਰ ਕੌਰ ਦੀ ਇਹ ਮਾਣਮੱਤੀ ਪ੍ਰਾਪਤੀ ਹੋਰਨਾਂ ਖਿਡਾਰੀਆਂ ਖਾਸ ਕਰਕੇ ਲੜਕੀਆਂ ਨੂੰ ਖੇਡਾਂ ਦੇ ਖੇਤਰ ਵਿੱਚ ਮੱਲਾਂ ਮਾਰਨ ਅਤੇ ਦੇਸ਼ ਦਾ ਨਾਮ ਚਮਕਾਉਣ ਲਈ ਪ੍ਰੇਰਿਤ ਕਰੇਗੀ।