ਪੰਜਾਬ ਵਿੱਚ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਭਗਵੰਤ ਮਾਨ ਸਰਕਾਰ ਨੇ ਵੀ.ਵੀ.ਆਈ.ਪੀਜ਼. ਦੀ ਸੁਰੱਖਿਆ ਨੂੰ ਲੈ ਕੇ ਯੂ-ਟਰਨ ਲਿਆ ਹੈ। ਬੈਕਫੁੱਟ ‘ਤੇ ਆਉਂਦੇ ਹੋਏ ਆਮ ਆਦਮੀ ਪਾਰਟੀ ਦੀ ਸਰਕਾਰ ਨੇ 40 ਵੀ.ਵੀ.ਆਈ.ਪੀਜ਼ ਦੀ ਸੁਰੱਖਿਆ ਬਹਾਲ ਕਰ ਦਿੱਤੀ ਹੈ।
ਸ਼ਨੀਵਾਰ ਨੂੰ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ 424 ਲੋਕਾਂ ਦੀ ਸੁਰੱਖਿਆ ਵਿੱਚ ਕਟੌਤੀ ਕੀਤੀ ਸੀ। ਇਸ ਫੈਸਲੇ ਤੋਂ ਬਾਅਦ ਮਾਨ ਸਰਕਾਰ ਸੁਰੱਖਿਆ ‘ਚ ਕਟੌਤੀ ਨੂੰ ਜਨਤਕ ਕਰਨ ਨੂੰ ਲੈ ਕੇ ਵਿਰੋਧੀ ਧਿਰ ਦੇ ਨਿਸ਼ਾਨੇ ‘ਤੇ ਆ ਗਈ ਸੀ। ਅਗਲੇ ਹੀ ਦਿਨ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਉਨ੍ਹਾਂ ਦੇ ਪਿੰਡ ਨੇੜੇ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ।
ਇਸ ਵਾਰ ਸਰਕਾਰ ਨੇ ਆਪਣੀ ਗਲਤੀ ਤੋਂ ਸਬਕ ਲੈਂਦਿਆਂ ਸੁਰੱਖਿਆ ਬਹਾਲ ਕਰਦੇ ਸਮੇਂ ਬਹੁਤ ਚੌਕਸੀ ਵਰਤੀ ਹੈ ਅਤੇ ਕਿਸੇ ਵਿਅਕਤੀ ਦਾ ਨਾਂ ਜਨਤਕ ਨਹੀਂ ਕੀਤਾ ਹੈ। ਸਰਕਾਰ ਨੇ ਪੁਲਿਸ ਵਿਭਾਗ ਤੋਂ ਵੀ.ਵੀ.ਆਈ.ਪੀਜ਼. ਦੀ ਸੁਰੱਖਿਆ ਨਾਲ ਸਬੰਧਤ ਤਾਜ਼ਾ ਰਿਪੋਰਟ ਵੀ ਤਲਬ ਕੀਤੀ ਹੈ।
ਸਰਕਾਰ ਹਰ ਮਹੀਨੇ ਸੁਰੱਖਿਆ ਕਵਰ ਦੀ ਸਮੀਖਿਆ ਕਰੇਗੀ
ਵਿਭਾਗੀ ਸੂਤਰਾਂ ਅਨੁਸਾਰ ਸਰਕਾਰ ਨੇ ਫੈਸਲਾ ਕੀਤਾ ਹੈ ਕਿ ਸਰਕਾਰ ਹਰ ਮਹੀਨੇ ਉਨ੍ਹਾਂ ਸਾਰੇ ਵੀ.ਵੀ.ਆਈ.ਪੀਜ਼ ਦੀ ਸੁਰੱਖਿਆ ਦੀ ਸਮੀਖਿਆ ਕਰੇਗੀ। ਇਹ ਵੀ ਫੈਸਲਾ ਕੀਤਾ ਗਿਆ ਹੈ ਕਿ ਸੂਬੇ ਦੇ ਸਾਰੇ ਵੀ.ਵੀ.ਆਈ.ਪੀਜ਼ ਜਿਨ੍ਹਾਂ ਨੇ ਸੁਰੱਖਿਆ ਦੀ ਮੰਗ ਕੀਤੀ ਹੈ, ਉਨ੍ਹਾਂ ਨੂੰ ਤੁਰੰਤ ਸੁਰੱਖਿਆ ਮੁਹੱਈਆ ਕਰਵਾਉਣ ਦੇ ਆਦੇਸ਼ ਦਿੱਤੇ ਗਏ ਹਨ।
ਇਸ ਸਬੰਧੀ ਜਾਂਚ ਬਾਅਦ ਵਿੱਚ ਕੀਤੀ ਜਾਵੇਗੀ। ਸਰਕਾਰ ਵੱਲੋਂ ਜਿਨ੍ਹਾਂ 40 ਵੀ.ਵੀ.ਆਈ.ਪੀਜ਼ ਦੀ ਸੁਰੱਖਿਆ ਬਹਾਲ ਕੀਤੀ ਗਈ ਹੈ, ਉਨ੍ਹਾਂ ਵਿੱਚੋਂ ਜ਼ਿਆਦਾਤਰ ਨੇ ਆਪਣੇ ਆਪ ਨੂੰ ਗੈਂਗਸਟਰਾਂ ਤੋਂ ਖਤਰਾ ਦੱਸਿਆ ਹੈ।
ਧਾਰਮਿਕ ਆਗੂਆਂ ਦੀ ਸੁਰੱਖਿਆ ਬਹਾਲ ਕੀਤੀ ਗਈ
ਸਰਕਾਰ ਨੇ ਧਾਰਮਿਕ ਆਗੂਆਂ ਦੀ ਸੁਰੱਖਿਆ ਵੀ ਬਹਾਲ ਕਰ ਦਿੱਤੀ ਹੈ। ਇਨ੍ਹਾਂ ਨੂੰ ਵਧਾਉਣ ਦੇ ਆਦੇਸ਼ ਵੀ ਦਿੱਤੇ ਗਏ ਹਨ। ਧਾਰਮਿਕ ਆਗੂਆਂ ਨੂੰ ਪਹਿਲਾਂ ਹੀ ਦਿੱਤੇ ਸੁਰੱਖਿਆ ਘੇਰੇ ਵਿੱਚ ਵਾਧੂ ਵਾਹਨ ਅਤੇ ਸੁਰੱਖਿਆ ਕਰਮਚਾਰੀ ਸ਼ਾਮਲ ਕੀਤੇ ਜਾਣਗੇ। ਇਸ ਦੌਰਾਨ ਸੂਬਾ ਸਰਕਾਰ ਨੇ ਵੀ.ਵੀ.ਆਈ.ਪੀਜ਼. ਦੀ ਸੁਰੱਖਿਆ ਸਬੰਧੀ ਪੁਲੀਸ ਵਿਭਾਗ ਤੋਂ ਤਾਜ਼ਾ ਰਿਪੋਰਟ ਤਲਬ ਕੀਤੀ ਹੈ।