ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਬੀਤੇ ਦਿਨੀਂ ਪੁਲਮ ਮੁਲਾਜ਼ਮਾਂ ਦਾ ਜਨਮ ਦਿਨ ਖੁਸ਼ਮਈ ਬਣਾਉਣ ਲਈ ਇਕ ਵਿਲੱਖਣ ਤੇ ਨਿਵੇਕਲੀ ਪਹਿਲਕਦਮੀ ਦਾ ਐਲਾਨ ਕੀਤਾ ਗਿਆ ਸੀ ਜਿਸ ਤੋਂ ਬਾਅਦ ਅੱਜ ਪੰਜਾਬ ਪੁਲਿਸ ਨੇ ਪੁਲਿਸ ਮੁਲਾਜ਼ਮਾਂ ਨੂੰ ਸ਼ੁਭਕਾਮਨਾਵਾਂ ਭਰੇ ਕਾਰਡ ਦੇ ਕੇ ਸਨਮਾਨਿਤ ਕਰਨਾ ਸ਼ੁਰੂ ਵੀ ਕਰ ਦਿੱਤਾ ਹੈ। ਇਸ ਪਹਿਲਕਦਮੀ ਤਹਿਤ ਅੱਜ ਸੋਮਵਾਰ ਨੂੰ 404 ਪੁਲਸ ਕਰਮਚਾਰੀਆਂ ਨੂੰ ਸਨਮਾਨਿਤ ਕੀਤਾ ਗਿਆ।
ਅੱਜ ਵੱਖ-ਵੱਖ ਜ਼ਿਲ੍ਹੇ ਦੇ ਪੁਲਸ ਕਮਿਸ਼ਨਰੇਟਾਂ ਵੱਲੋਂ ਆਪਣੇ ਜਵਾਨਾਂ ਨੂੰ ਜਨਮ ਦਿਨ ‘ਤੇ ਵਧਾਈ ਕਾਰਡ ਦੇ ਕੇ ਸਨਮਾਨਿਤ ਕੀਤਾ ਹੈ। ਕੁਝ ਜ਼ਿਲ੍ਹਾ ਪੁਲਸ ਨੇ ਮੁਲਾਜ਼ਮਾਂ ਲਈ ਗੁਲਦਸਤੇ ਅਤੇ ਕੇਕ ਵੀ ਲਿਆਂਦੇ ਤੇ ਆਪਣੇ ਜਵਾਨਾਂ ਦੇ ਵਿਸ਼ੇਸ਼ ਦਿਨ ਨੂੰ ਇਕੱਠੇ ਹੋ ਕੇ ਮਨਾਇਆ।
ਦੱਸ ਦੇਈਏ ਕਿ ਮੁਲਾਜ਼ਮਾਂ ਦੇ ਜਨਮ ਦਿਨ ਮੌਕੇ ਮੁੱਖ ਮੰਤਰੀ ਅਤੇ ਡੀ. ਜੀ. ਪੀ. ਪੰਜਾਬ ਵੱਲੋਂ ਸਾਂਝੇ ਤੌਰ ‘ਤੇ ਦਸਤਖਤ ਕੀਤੇ ਗਏ ਇਹ ਗ੍ਰੀਟਿੰਗ ਕਾਰਡ ਦਿੱਤੇ ਗਏ ਹਨ। ਜਿਸ ਵਿਚ ਲਿਖਿਆ ਹੋਇਆ ਹੈ, ਕਿ “ਅੱਜ ਤੁਹਾਡੇ ਜਨਮ ਦਿਨ ‘ਤੇ ਅਸੀਂ ਤੁਹਾਨੂੰ ਦਿਲ ਦੀਆਂ ਗਹਿਰਾਈਆਂ ਤੋਂ ਮੁਬਾਰਕਬਾਦ ਦਿੰਦੇ ਹਾਂ ਅਤੇ ਪਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਕਿ ਆਉਣ ਵਾਲਾ ਸਾਲ ਤੁਹਾਡੇ ਅਤੇ ਤੁਹਾਡੇ ਪਰਿਵਾਰ ਲਈ ਚੜ੍ਹਦੀ ਕਲਾ, ਚੰਗੀ ਸਿਹਤ, ਤੰਦਰੁਸਤੀ ਤੇ ਖੁਸ਼ੀਆਂ ਭਰਿਆ ਹੋਵੇ। ਅਸੀਂ ਇਹ ਵੀ ਆਸ ਕਰਦੇ ਹਾਂ ਕਿ ਤੁਸੀਂ ਆਪਣੀ ਡਿਊਟੀ ਮਿਹਨਤ, ਲਗਨ ਤੇ ਇਮਾਨਦਾਰੀ ਨਾਲ ਨਿਭਾਉਂਦੇ ਹੋਏ ਆਮ ਲੋਕਾਂ ਦੀ ਸੇਵਾ ਕਰਦੇ ਰਹੋਗੇ।”