ਕੈਨੇਡਾ ਦੀਆਂ 44ਵੀਆਂ ਫੈਡਰਲ ਚੋਣਾਂ ਦਾ ਐਲਾਨ ਐਤਵਾਰ ਨੂੰ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਗਵਰਨਰ ਜਨਰਲ ਮੈਰੀ ਸਾਈਮਨ ਨਾਲ ਮੁਲਾਕਾਤ ਤੋਂ ਬਾਅਦ ਕਰ ਦਿੱਤਾ ਗਿਆ ਹੈ, ਜਿਸ ‘ਚ ਟਰੂਡੋ ਨੇ ਗਵਰਨਰ ਜਨਰਲ ਨੂੰ ਸੰਸਦ ਭੰਗ ਕਰਨ ਲਈ ਬੇਨਤੀ ਕੀਤੀ ਸੀ, ਜਿਸ ਨੂੰ ਪ੍ਰਵਾਨ ਕਰ ਲਿਆ ਗਿਆ। ਹੁਣ ਕੈਨੇਡਾ ਦੀਆਂ ਫੈਡਰਲ ਚੋਣਾਂ 20 ਸਤੰਬਰ ਨੂੰ ਕਰਵਾਉਣ ਦਾ ਸਮਾਂ ਮਿੱਥਿਆ ਹੈ। ਇਨ੍ਹਾਂ ਚੋਣਾਂ ਲਈ ਪ੍ਰਚਾਰ ਦਾ ਸਮਾਂ 36 ਦਿਨਾਂ ਦਾ ਮਿੱਥਿਆ ਗਿਆ ਹੈ ਜਿਸ ਨੂੰ ਘੱਟ ਤੋਂ ਘੱਟ ਸਮਾਂ ਹੀ ਮੰਨਿਆ ਜਾ ਰਿਹਾ ਹੈ।
ਕੈਨੇਡਾ ਵਿੱਚ ਚੋਣਾਂ ਅਕਤੂਬਰ 2023 ਨੂੰ ਹੋਣੀਆਂ ਸਨ ਪਰ ਮੌਜੂਦਾ ਜਸਟਿਨ ਟਰੂਡੋ ਦੀ ਲਿਬਰਲ ਪਾਰਟੀ ਕੋਲ ਬਹੁਮਤ ਨਾ ਹੋਣ ਕਾਰ ਨਿਰਧਾਰਿਤ ਸਮੇਂ ਤੋਂ ਪਹਿਲਾਂ ਚੋਣ ਕਰਵਾਈ ਜਾ ਰਹੀ ਹੈ। ਇਸ ਸਮੇਂ ਲਿਬਰਲ ਪਾਰਟੀ ਕੋਲ 155 , ਕੰਜਰਵੇਟਿਵ ਕੋਲ 119 , ਬਲਾਕ ਕਿਉਬੈਕ ਪਾਰਟੀ ਕੋਲ 32 , ਨਿਊ ਡੈਮੋਕਰੈਟਿਕ ਪਾਰਟੀ ਕੋਲ 24 ਅਤੇ ਗ੍ਰੀਨ ਪਾਰਟੀ ਕੋਲ 2 ਸੀਟਾਂ ਹਨ I ਹਾਊਸ ਆਫ਼ ਕਾਮਨਜ਼ ਵਿੱਚ 338 ਸੀਟਾਂ ਹਨ ਅਤੇ ਸਥਾਈ ਸਰਕਾਰ ਲਈ 170 ਸੀਟਾਂ ਦੀ ਲੋੜ ਹੈ I
ਵਿਰੋਧੀ ਪਾਰਟੀਆਂ ਵੱਲੋਂ ਚੋਣਾਂ ਕਰਾਉਣ ਦਾ ਵਿਰੋਧ ਕੀਤਾ ਜਾ ਰਿਹਾ ਹੈ I ਐਨਡੀਪੀ ਲੀਡਰ ਜਗਮੀਤ ਸਿੰਘ ਨੇ ਸਾਈਮਨ ਨੂੰ ਟਰੂਡੋ ਦੀ ਬੇਨਤੀ ਨੂੰ ਠੁਕਰਾਉਣ ਦੀ ਅਪੀਲ ਵੀ ਕੀਤੀ I
ਵਿਰੋਧੀਆਂ ‘ਤੇ ਹੱਲਾ ਬੋਲਦਿਆਂ ਟਰੂਡੋ ਨੇ ਕਿਹਾ ਕਿ ਕੈਨੇਡੀਅਨ ਇਹ ਫ਼ੈਸਲਾ ਕਰਨ ਦੇ ਹੱਕਦਾਰ ਹਨ ਕਿ ਦੇਸ਼ ਨੂੰ ਇਸ ਮਹਾਂਮਾਰੀ ਤੋਂ ਬਾਹਰ ਕੱਢਣ ਵਿੱਚ ਅਗਵਾਈ ਕੌਣ ਕਰੇ ? ਉਨ੍ਹਾਂ ਕਿਹਾ ਕਿ ਇਸ ਮਹੱਤਵਪੂਰਣ ਸਮੇਂ ਦੌਰਾਨ ਕੌਣ ਆਪਣੀ ਗੱਲ ਨਹੀਂ ਕਹਿਣਾ ਚਾਹੇਗਾ? ਕੌਣ ਨਹੀਂ ਚਾਹੁੰਦਾ ਕਿ ਉਹ ਇਹ ਫ਼ੈਸਲਾ ਕਰਨ ਵਿੱਚ ਸਹਾਇਤਾ ਕਰੇ ਕਿ ਸਾਡਾ ਦੇਸ਼ ਇੱਥੋਂ ਕਿੱਥੇ ਜਾਂਦਾ ਹੈ? ਟਰੂਡੋ ਨੇ ਕਿਹਾ ਕਿ ਵਿਰੋਧੀ ਪਾਰਟੀਆਂ ਇਹ ਦੱਸਣ ਕਿ ਕੈਨੇਡੀਅਨ ਨੂੰ ਇਹ ਮੌਕਾ ਕਿਉਂ ਨਹੀਂ ਮਿਲਣਾ ਚਾਹੀਂਦਾ।
ਇਲੈਕਸ਼ਨ ਕਮਿਸ਼ਨ ਮੁਤਾਬਕ 43ਵੀਆਂ ਫੈਡਰਲ ਚੋਣਾਂ ‘ਤੇ ਉਸ ਸਮੇਂ 502 ਮਿਲੀਅਨ ਦਾ ਖ਼ਰਚਾ ਆਇਆ ਸੀ, ਜਿਸ ਨੂੰ ਦੇਖਦਿਆਂ ਵਿਰੋਧੀ ਪਾਰਟੀਆਂ ਅੱਜ ਕਈ ਸਵਾਲ ਵੀ ਕਰ ਰਹੀਆਂ ਹਨ ਕਿ ਕੋਰੋਨਾ ਦੇ ਦੌਰ ‘ਚ ਚੋਣਾਂ ‘ਤੇ ਇੰਨਾ ਖ਼ਰਚਾ ਕਰਨਾ ਦੇਸ਼ ਦੇ ਅਰਥਚਾਰੇ ਲਈ ਠੀਕ ਨਹੀਂ ਹੈ।
Canada PM Justin Trudeau announces September 20 snap elections: AFP
— ANI (@ANI) August 15, 2021