ਮੋਗਾ ਦੇ ਵਿੱਚ ਸਵੇਰੇ ਦਰਦਨਾਕ ਹਾਦਸਾ ਵਾਪਰਿਆ ਹੈ | ਮੋਗਾ ਅੰਮ੍ਰਿਤਸਰ ਮੁੱਖ ਮਾਰਗ ’ਤੇ ਦੋ ਬੱਸਾਂ ਦੀ ਆਪਸ ਵਿੱਚ ਜ਼ਬਰਦਸਤ ਟੱਕਰ ਹੋ ਗਈ ਹੈ। ਇਹ ਹਾਦਸਾ ਕਰੀਬ ਪੌਣੇ ਅੱਠ ਵਜੇ ਵਾਪਰਿਆ। ਹਾਦਸੇ ਵਿੱਚ ਪੰਜ ਮੌਤਾਂ ਹੋ ਗਈਆਂ ਤੇ ਦਰਜਨਾਂ ਲੋਕ ਗੰਭੀਰ ਜ਼ਖ਼ਮੀ ਹੋ ਗਏ।ਮਿਲੀ ਜਾਣਕਾਰੀ ਅਨੁਸਾਰ ਇਨ੍ਹਾਂ ਬੱਸਾਂ ਦੀ ਟੱਕਰ ਪਿੰਡ ਲੁਹਾਰਾ ਦੇ ਨੇੜੇ ਹੋਈ ਹੈ। ਇਸ ਘਟਨਾ ਵਿੱਚ 5 ਲੋਕਾਂ ਦੀ ਮੌਤ ਹੋ ਗਈ ਹੈ । ਇਸ ਹਾਦਸੇ ਵਿੱਚ ਬਹੁਤ ਸਾਰੇ ਲੋਕ ਗੰਭੀਰ ਰੂਪ ਵਿੱਚ ਜ਼ਖ਼ਮੀ ਹੋਏ ਹਨ, ਜਿਨ੍ਹਾਂ ਨੂੰ ਫਰੀਦਕੋਟ ਅਤੇ ਮੋਗਾ ਦੇ ਹਸਪਤਾਲਾਂ ਵਿੱਚ ਦਾਖ਼ਲ ਕਰਵਾਇਆ ਜਾ ਰਿਹਾ ਹੈ।
ਦੱਸਿਆ ਜਾ ਰਿਹਾ ਹੈ ਕਿ ਪ੍ਰਾਈਵੇਟ ਬੱਸ ਨਵਜੋਤ ਸਿੱਧੂ ਦੀ ਤਾਜਪੋਸ਼ੀ ਲਈ ਰਵਾਨਾ ਹੋਈ ਸੀ। ਦੱਸ ਦੇਈਏ ਕਿ ਚਸ਼ਮਦੀਦਾਂ ਅਨੁਸਾਰ ਪ੍ਰਾਈਵੇਟ ਬੱਸ ਸਰਕਾਰੀ ਬੱਸ ਨੂੰ ਓਵਰਟੇਕ ਕਰ ਰਹੀ ਸੀ।
ਓਵਰਟੇਕ ਕਰਨ ਦੇ ਦੌਰਾਨ ਹੀ ਪ੍ਰਾਈਵੇਟ ਬੱਸ ਨੇ ਸਰਕਾਰੀ ਬੱਸ ਨੂੰ ਟੱਕਰ ਮਾਰ ਦਿੱਤੀ । ਇਹ ਸੜਕ ਹਾਦਸਾ ਇੰਨਾ ਜ਼ਿਆਦਾ ਭਿਆਨਕ ਸੀ ਕਿ ਜ਼ਖਮੀ ਲੋਕਾਂ ਨਾਲ ਹਸਪਤਾਲ ਦੇ ਬੈੱਡ ਤੱਕ ਭਰ ਗਏ ਹਨ।
ਘਟਨਾ ਦਾ ਪਤਾ ਚੱਲਦਿਆਂ ਹੀ ਡਿਪਟੀ ਕਮਿਸ਼ਨਰ ਸੰਦੀਪ ਹਾਂਸ, ਡੀਐਸਪੀ ਧਰਮਕੋਟ ਸਰਦਾਰ ਸੁਬੇਗ ਸਿੰਘ ਮੌਕੇ ‘ਤੇ ਪੁੱਜੇ। ਡਿਪਟੀ ਕਮਿਸ਼ਨਰ ਸੰਦੀਪ ਹੰਸ ਨੇ ਦੱਸਿਆ ਕਿ ਇਹ ਹਾਦਸਾ ਪ੍ਰਾਈਵੇਟ ਬੱਸ ਦੀ ਤੇਜ਼ ਰਫ਼ਤਾਰ ਹੋਣ ਕਾਰਨ ਵਾਪਰਿਆ। ਇਸ ਹਾਦਸੇ ਵਿੱਚ ਪੰਜ ਵਿਅਕਤੀਆਂ ਦੀ ਜਾਨ ਜਾ ਚੁੱਕੀ ਹੈ ਤੇ ਦਰਜਨਾਂ ਵਿਅਕਤੀ ਗੰਭੀਰ ਜ਼ਖ਼ਮੀ ਹਨ ਜਿਨ੍ਹਾਂ ਨੂੰ ਸਿਵਲ ਹਸਪਤਾਲ ਮੋਗਾ ਪਹੁੰਚਾਇਆ ਗਿਆ ਹੈ। ਜ਼ਖ਼ਮੀ ਵਿਅਕਤੀ ਇੰਨੀ ਗਿਣਤੀ ਸਨ ਕਿ ਹਸਪਤਾਲ ਵਿੱਚ ਬੈਡਾਂ ਦੀ ਵੀ ਕਮੀ ਪੈ ਗਈ।
ਟ੍ਰੈਫਿਕ ਐਜੂਕੇਸ਼ਨ ਸੈੱਲ ਦੇ ਇੰਚਾਰਜ ਕ੍ਰਿਪਾਲ ਸਿੰਘ ਨੇ ਦੱਸਿਆ ਕਿ ਇਹ ਹਾਦਸਾ ਇੰਨਾ ਭਿਆਨਕ ਸੀ ਕਿ ਇਸ ਹਾਦਸੇ ਵਿੱਚ 5 ਵਿਅਕਤੀਆਂ ਦੀ ਮੌਕੇ ਤੇ ਮੌਤ ਹੋ ਗਈ ਜਦਕਿ ਪੰਜਾਹ ਤੋਂ ਸੱਠ ਵਿਅਕਤੀ ਗੰਭੀਰ ਜ਼ਖ਼ਮੀ ਹੋ ਗਏ ਜਿਨ੍ਹਾਂ ਨੂੰ ਸਿਵਲ ਹਸਪਤਾਲ ਵਿਚ ਮੋਗਾ ਪਹੁੰਚਾਇਆ ਗਿਆ ਹੈ।
ਇਸ ਮੌਕੇ ਕੇਵਲ ਸਿੰਘ ਨੇ ਦੱਸਿਆ ਕਿ ਜ਼ਖ਼ਮੀਆਂ ਨੂੰ ਬੜੀ ਮੁਸ਼ੱਕਤ ਨਾਲ ਦੋਵਾਂ ਬੱਸਾਂ ਵਿੱਚੋਂ ਬਾਹਰ ਕੱਢਿਆ ਤੇ ਡਾਕਟਰੀ ਸਹਾਇਤਾ ਲਈ ਸਿਵਲ ਹਸਪਤਾਲ ਮੋਗਾ ਪਹੁੰਚਾਇਆ।