ਇੱਕ ਪਾਸੇ ਕਿਸਾਨਾਂ ‘ਤੇ ਸਰਕਾਰਾਂ ਦੀ ਮਾਰ ਅਤੇ ਦੂਜੇ ਪਾਸੇ ਕੁਦਰਤ ਦੀ ਮਾਰ।ਵਿਚਾਰਾ ਕਿਸਾਨ ਜਾਵੇ ਤਾਂ ਜਾਵੇ ਕਿੱਧਰ।ਜ਼ਿਕਰਯੋਗ ਹੈ ਕਿ ਇੱਕ ਗਰੀਬ ਪਰਿਵਾਰ ਦੀਆਂ ਪੰਜ ਧੀਆਂ ਤੋਂ ਅੱਜ ਪਿਓ ਦਾ ਸਾਇਆ ਉੱਠ ਗਿਆ।ਦੱਸ ਦੇਈਏ ਕਿ ਆਪਣੇ ਖੇਤ ‘ਚ ਕੰਮ ਕਰ ਰਹੇ ਇੱਕ ਗਰੀਬ ਪਰਿਵਾਰ ਦੇ ਗਰੀਬ ਕਿਸਾਨ ਜਗਸੀਰ ਸਿੰਘ ਉਰਫ ਸੀਰਾ ਵਾਸੀ ਬਾਲਿਆਂਵਾਲੀ ਦੀ ਸੱਪ ਦੇ ਕੱਟਣ ਨਾਲ ਮੌਤ ਹੋਣ ਦੀ ਖਬਰ ਸਾਹਮਣੇ ਆਈ ਹੈ।
ਜਿਸ ਕਾਰਨ ਪੂਰੇ ਨਗਰ ‘ਚ ਸੋਗ ਛਾ ਗਿਆ ਹੈ।ਜਾਣਕਾਰੀ ਮੁਤਾਬਕ ਮ੍ਰਿਤਕ ਜਗਸੀਰ ਸਿੰਘ ਉਰਫ ਸੀਰਾ ਇੱਕ ਗਰੀਬ ਕਿਸਾਨ ਸੀ, ਜਿਸ ਕੋਲ ਆਪਣੀ ਜ਼ਮੀਨ ਬਹੁਤ ਘੱਟ ਸੀ ਅਤੇ ਜ਼ਮੀਨ ਠੇਕੇ ‘ਤੇ ਲੈ ਕੇ ਗੁਜ਼ਾਰਾ ਕਰਦਾ ਸੀ।ਦੱਸਣਯੋਗ ਹੈ ਕਿ ਜਗਸੀਰ ਸਿੰਘ ਪਰਿਵਾਰ ਦਾ ਇਕੱਲਾ-ਇਕੱਲਾ ਕਮਾਉਣ ਵਾਲਾ ਸੀ, ਜਿਸ ‘ਤੇ ਉਸ ਦੀਆਂ 5 ਧੀਆਂ, ਪਤਨੀ ਅਤੇ ਬਜ਼ੁਰਗ ਮਾਤਾ-ਪਿਤਾ ਨਿਰਭਰ ਸਨ।
ਮ੍ਰਿਤਕ ਦੀ ਪਤਨੀ ਬਲਜਿੰਦਰ ਕੌਰ ਨੇ ਥਾਣਾ ਬਾਲਿਆਂਵਾਲੀ ਦੀ ਪੁਲਸ ਨੂੰ ਦਿੱਤੇ ਬਿਆਨਾਂ ‘ਚ ਕਿਹਾ ਕਿ ਜਗਸੀਰ ਸਿੰਘ ਰੋਜ਼ਾਨਾ ਦੀ ਤਰ੍ਹਾਂ ਖੇਤਾਂ ‘ਚ ਕੰਮ ਕਰਨ ਗਿਆ, ਜਦੋਂ ਉਹ ਆਪਣੀ ਫਸਲ ਨੂੰ ਸਪਰੇਅ ਦਾ ਛਿੜਕਾਅ ਕਰ ਰਿਹਾ ਸੀ ਤਾਂ ਅਚਾਨਕ ਜ਼ਹਿਰੀਲੇ ਸੱਪ ਨੇ ਉਨ੍ਹਾਂ ਨੂੰ ਡੰਗਿਆ।ਜ਼ਹਿਰ ਪੂਰੇ ਸਰੀਰ ‘ਚ ਫੈਲ ਜਾਣ ਕਾਰਨ ਹਾਲਤ ਗੰਭੀਰ ਹੋਣ ਲੱਗੀ ਤਾਂ ਉਸ ਨੂੰ ਡਾਕਟਰੀ ਸਹਾਇਤਾ ਲਈ ਸਰਕਾਰੀ ਹਸਪਤਾਲ ਰਾਮਪੁਰਾ ਵਿਖੇ ਲੈ ਜਾਇਆ ਗਿਆ, ਜਿੱਥੇ ਡਾਕਟਰਾਂ ਨੇ ਜਾਂਚ ਕਰ ਕੇ ਉਸ ਨੂੰ ਮ੍ਰਿਤਕ ਐਲਾਨ ਕਰਦਿਆਂ ਪੋਸਟਮਾਰਟਮ ਕਰ ਕੇ ਲਾਸ਼ ਵਾਰਸਾਂ ਹਵਾਲੇ ਕੀਤੀ।