ਕਿਸਾਨਾਂ ‘ਤੇ 28 ਅਗਸਤ ਨੂੰ ਹੋਏ ਪੁਲਿਸ ਲਾਠੀਚਾਰਜ ਦੇ ਖਿਲਾਫ ਕਰਨਾਲ ‘ਚ ਅੱਜ ਮਹਾਂ ਪੰਚਾਇਤ ਬੁਲਾਈ ਗਈ ਹੈ। ਸਾਰੀਆਂ ਕਿਸਾਨ ਜਥੇਬੰਦੀਆਂ ਕਰਨਾਲ ਅਨਾਜ ਮੰਡੀ ਵਿੱਚ ਇਕੱਠੇ ਹੋਣ ਮਗਰੋਂ ਸਕੱਤਰੇਤ ਵੱਲ ਕੂਚ ਕਰਨਗੀਆਂ। ਕਰਨਾਲ ਜ਼ਿਲ੍ਹੇ ਵਿੱਚ ਇਹਤਿਆਤ ਵਜੋਂ ਧਾਰਾ 144 ਲਾਗੂ ਕਰ ਦਿੱਤੀ ਗਈ ਹੈ। ਇਸ ਤੋਂ ਇਲਾਵਾ ਇੰਟਰਨੈੱਟ ਅਤੇ ਐੱਸਐਮਐੱਸ ਸੇਵਾਵਾਂ ਕਰਨਾਲ, ਕੁਰੂਕਸ਼ੇਤਰ, ਕੈਥਲ, ਜੀਂਦ ਅਤੇ ਪਾਣੀਪਤ ’ਚ ਸੋਮਵਾਰ ਦੁਪਹਿਰ 12 ਵਜੇ ਤੋਂ ਮੰਗਲਵਾਰ ਰਾਤ 12 ਵਜੇ ਤੱਕ ਲਈ ਬੰਦ ਕਰ ਦਿੱਤੀਆਂ ਗਈਆਂ ਹਨ।
ਹਰਿਆਣਾ ਪੁਲਿਸ ਵੱਲੋਂ ਜਾਰੀ ਹੁਕਮਾ ਮੁਤਾਬਕ ਮੁੱਖ ਰਾਸ਼ਟਰੀ ਰਾਜਮਾਰਗ 44 ਅੰਬਾਲਾ-ਦਿੱਲੀ ‘ਤੇ ਮੰਗਲਵਾਰ ਕਰਨਾਲ ਜ਼ਿਲ੍ਹੇ ‘ਚ ਕੁਝ ਆਵਾਜਾਈ ਪ੍ਰਭਾਵਿਤ ਹੋ ਸਕਦੀ ਹੈ। ਇਸ ਲਈ ਐਨਐਚ-44 ਦਾ ਉਪਯੋਗ ਕਰਨ ਵਾਲਿਆਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਕਰਨਾਲ ਸ਼ਹਿਰ ਦੀ ਯਾਤਰਾ ਕਰਨ ਤੋਂ ਬਚਣ ਜਾਂ ਸੱਤ ਸਤੰਬਰ ਨੂੰ ਆਪਣੀ ਪਿੰਡਾਂ ਤਕ ਜਾਣ ਲਈ ਹੋਰਾਂ ਰਾਹਾਂ ਦਾ ਇਸਤੇਮਾਲ ਕਰਨ। ਹਰਿਆਣਾ ਸਰਕਾਰ ਨੇ ਸੂਬੇ ਵਿੱਚ ਸਖ਼ਤ ਸੁਰੱਖਿਆ ਪ੍ਰਬੰਧ ਕਰਦਿਆਂ ਰੈਪਿਡ ਐਕਸ਼ਨ ਫੋਰਸ (ਆਰਏਐੱਫ) ਦੇ ਜਵਾਨਾਂ ਦੀ ਟੁੱਕੜੀ ਨੂੰ ਸੱਦਿਆ ਹੈ ਜਿਸ ਵਿੱਚ 620 ਜਵਾਨ ਸ਼ਾਮਲ ਹਨ। ਇਨ੍ਹਾਂ ਤੋਂ ਇਲਾਵਾ ਇਕ ਦਰਜਨ ਦੇ ਕਰੀਬ ਐੱਸਪੀ, ਡੀਐੱਸਪੀ, ਇੰਸਪੈਕਟਰ ਅਤੇ ਹਰਿਆਣਾ ਪੁਲੀਸ ਦੇ ਸੈਂਕੜੇ ਜਵਾਨ ਤਾਇਨਾਤ ਕੀਤੇ ਗਏ ਹਨ।
ਪੁਲੀਸ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਨੈਸ਼ਨਲ ਹਾਈਵੇਅ-44 ਰਾਹੀਂ ਅੰਬਾਲਾ ਤੋਂ ਦਿੱਲੀ ਜਾਣ ਵਾਲੇ ਰੂਟ ਨੂੰ ਕਰਨਾਲ ਤੋਂ ਪਹਿਲਾਂ ਹੀ ਬਦਲ ਦਿੱਤਾ ਹੈ। ਕਰਨਾਲ ਸ਼ਹਿਰ ਵੱਲ ਜਾਣ ਵਾਲੇ ਸਾਰੀਆਂ ਸੜਕਾਂ ’ਤੇ ਚੌਕਸੀ ਵਧਾ ਦਿੱਤੀ ਗਈ ਹੈ। ਕਰਨਾਲ ਦੇ ਡਿਪਟੀ ਕਮਿਸ਼ਨਰ ਨਿਸ਼ਾਂਤ ਯਾਦਵ ਨੇ ਕਿਹਾ ਕਿ ਸ਼ਹਿਰ ਵਿੱਚ ਅਮਨ-ਕਾਨੂੰਨ ਦੀ ਸਥਿਤੀ ਨੂੰ ਖ਼ਰਾਬ ਨਹੀਂ ਹੋਣ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸਕੱਤਰੇਤ ਦੇ ਆਲੇ-ਦੁਆਲੇ ਵੱਡੀ ਗਿਣਤੀ ਵਿੱਚ ਨਿੱਜੀ ਕੰਪਨੀਆਂ ਦੇ ਦਫ਼ਤਰ ਸਥਿਤ ਹਨ। ਕਿਸਾਨਾਂ ਦੇ ਪ੍ਰਦਰਸ਼ਨ ਕਾਰਨ ਕਈ ਤਰ੍ਹਾਂ ਦੀਆਂ ਦਿੱਕਤਾਂ ਆ ਸਕਦੀਆਂ ਹਨ। ਉਨ੍ਹਾਂ ਕਿਹਾ ਕਿ ਕਿਸਾਨ ਸ਼ਹਿਰ ਵਿੱਚ ਇਕ ਥਾਂ ’ਤੇ ਬੈਠ ਕੇ ਸ਼ਾਂਤਮਈ ਢੰਗ ਨਾਲ ਰੋਸ ਪ੍ਰਦਰਸ਼ਨ ਕਰ ਸਕਦੇ ਹਨ ਪਰ ਕਿਸੇ ਨੂੰ ਸ਼ਹਿਰ ਦੀ ਸ਼ਾਂਤੀ ਭੰਗ ਕਰਨ ਨਹੀਂ ਦਿੱਤੀ ਜਾਵੇਗੀ।
ਹਰਿਆਣਾ ਭਾਰਤੀ ਕਿਸਾਨ ਯੂਨੀਅਨ (ਚੜੂੰਨੀ) ਦੇ ਮੁਖੀ ਗੁਰਨਾਮ ਸਿੰਘ ਚੜੂੰਨੀ ਨੇ ਸੋਮਵਾਰ ਕਿਹਾ ਕਿ ਮੰਗਲਵਾਰ ਨੂੰ ਇੱਥੇ ਇਕ ਵੱਡੀ ਪੰਚਾਇਤ ਦਾ ਆਯੋਜਨ ਕੀਤਾ ਜਾਵੇਗਾ। ਜਿਸ ਤੋਂ ਬਾਅਦ ਕਿਸਾਨ ਮੰਨੀ ਸਕੱਤਰੇਤ ਦਾ ਘਿਰਾਓ ਕਰਨਗੇ। ਉਨ੍ਹਾਂ ਕਿਹਾ ਕਿਸਾਨ ਮੰਗਲਵਾਰ ਸਵੇਰੇ ਕਰਨਾਲ ਦੀ ਨਵੀਂ ਅਨਾਜ ਮੰਡੀ ‘ਚ ਇਕੱਠੇ ਹੋਣਗੇ। ਕਰਨਾਲ ਪੁਲਿਸ ਨੇ ਕਿਸਾਨ ਲੀਡਰਾਂ ਦੇ ਐਲਾਨ ਨੂੰ ਦੇਖਦਿਆਂ ਸੁਰੱਖਿਆ ਦੇ ਸਖਤ ਪ੍ਰਬੰਧ ਕੀਤੇ ਹਨ।
ਕਿਸਾਨਾਂ ਨੂੰ ਸ਼ਾਂਤਮਈ ਢੰਗ ਨਾਲ ਪ੍ਰਦਰਸ਼ਨ ਕਰਨ ਦੀ ਅਪੀਲ
ਭਾਰਤੀ ਕਿਸਾਨ ਯੂਨੀਅਨ (ਚੜੂਨੀ) ਦੇ ਆਗੂ ਗੁਰਨਾਮ ਸਿੰਘ ਚੜੂਨੀ ਨੇ ਕਿਸਾਨਾਂ ਨੂੰ ਸ਼ਾਂਤਮਈ ਢੰਗ ਨਾਲ ਪ੍ਰਦਰਸ਼ਨ ਕਰਨ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਹਰਿਆਣਾ ਸਰਕਾਰ ਕਿਸਾਨਾਂ ਨੂੰ ਰੋਕਣ ਲਈ ਕਈ ਤਰ੍ਹਾਂ ਦੀਆਂ ਰੋਕਾਂ ਲਗਾ ਰਹੀ ਹੈ। ਇਨ੍ਹਾਂ ਰੋਕਾਂ ਨੂੰ ਸ਼ਾਂਤਮਈ ਢੰਗ ਨਾਲ ਤੋੜਦੇ ਹੋਏ ਅੱਗੇ ਵਧਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਜਾਣ-ਬੁਝ ਕੇ ਹਿੰਸਕ ਘਟਨਾ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕਰ ਸਕਦਾ ਹੈ ਪਰ ਕਿਸਾਨ ਸ਼ਾਂਤਮਈ ਢੰਗ ਨਾਲ ਅੱਗੇ ਵਧਦੇ ਰਹਿਣ।