ਜਲ ਜੀਵਨ ਮਿਸ਼ਨ ਦੀ 2019 ’ਚ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਪੰਜ ਕਰੋੜ ਘਰਾਂ ਨੂੰ ਪਾਣੀ ਦੇ ਕੁਨੈਕਸ਼ਨ ਦਿੱਤੇ ਜਾ ਚੁੱਕੇ ਹਨ ਅਤੇ ਹੁਣ ਕਰੀਬ ਸਵਾ ਲੱਖ ਪਿੰਡਾਂ ਦੇ ਹਰੇਕ ਘਰ ’ਚ ਟੂਟੀਆਂ ਰਾਹੀਂ ਪਾਣੀ ਪਹੁੰਚ ਰਿਹਾ ਹੈ।’ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਹ ਜਾਣਕਾਰੀ ਦਿੰਦਿਆਂ ਕਿਹਾ ਕਿ ਅੱਜ ਮੁਲਕ ’ਚ ਦੋ ਸਾਲਾਂ ਦੇ ਅੰਦਰ ਜਿੰਨਾ ਕੰਮ ਹੋਇਆ ਹੈ, ਓਨਾ ਸੱਤ ਦਹਾਕਿਆਂ ’ਚ ਨਹੀਂ ਹੋਇਆ ਸੀ।
ਜਲ ਜੀਵਨ ਮਿਸ਼ਨ ਬਾਰੇ ਗ੍ਰਾਮ ਪੰਚਾਇਤਾਂ, ਪਾਣੀ ਸੰਮਤੀਆਂ ਅਤੇ ਸੈਨੀਟੇਸ਼ਨ ਕਮੇਟੀਆਂ ਨਾਲ ਗੱਲਬਾਤ ਕਰਦਿਆਂ ਸ੍ਰੀ ਮੋਦੀ ਨੇ ਕਿਹਾ ਕਿ ਇਹ ਮਿਸ਼ਨ ਸਿਰਫ਼ ਲੋਕਾਂ ਨੂੰ ਪਾਣੀ ਦੇਣ ਨਾਲ ਹੀ ਸਬੰਧਤ ਨਹੀਂ ਹੈ ਸਗੋਂ ਪਿੰਡਾਂ ਅਤੇ ਮਹਿਲਾਵਾਂ ਨੂੰ ਤਾਕਤ ਦੇਣ ਦੀ ਮੁਹਿੰਮ ਹੈ। ਉਨ੍ਹਾਂ ਕਿਹਾ,‘‘ਆਜ਼ਾਦੀ ਤੋਂ ਲੈ ਕੇ 2019 ਤੱਕ ਦੇਸ਼ ਦੇ ਸਿਰਫ਼ ਤਿੰਨ ਕਰੋੜ ਲੋਕਾਂ ਕੋਲ ਟੂਟੀ ਵਾਲਾ ਪਾਣੀ ਪਹੁੰਚਦਾ ਸੀ। 2019 ’ਚ ਜਲ ਜੀਵਨ ਮਿਸ਼ਨ ਦੀ ਸ਼ੁਰੂਆਤ ਨਾਲ ਪੰਜ ਕਰੋੜ ਘਰਾਂ ’ਚ ਪਾਣੀ ਦੇ ਕੁਨੈਕਸ਼ਨ ਦਿੱਤੇ ਜਾ ਚੁੱਕੇ ਹਨ।’’ ਪ੍ਰਧਾਨ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਇਹ ਯਕੀਨੀ ਬਣਾ ਰਹੀ ਹੈ ਕਿ ਦੇਸ਼ ਦੇ ਕਿਸੇ ਵੀ ਹਿੱਸੇ ’ਚ ਟੈਂਕਰਾਂ ਜਾਂ ਟਰੇਨਾਂ ਰਾਹੀਂ ਪਾਣੀ ਲਿਆਉਣ ਦੇ ਹਾਲਾਤ ਕਦੇ ਵੀ ਪੈਦਾ ਨਾ ਹੋਣ।
ਪਿਛਲੀਆਂ ਕਾਂਗਰਸ ਸਰਕਾਰਾਂ ’ਤੇ ਵਰ੍ਹਦਿਆਂ ਉਨ੍ਹਾਂ ਕਿਹਾ ਕਿ ਨੀਤੀਆਂ ਬਣਾਉਣ ਵਾਲਿਆਂ ਦੇ ਘਰਾਂ ’ਚ ਪਾਣੀ ਅਤੇ ਸਵੀਮਿੰਗ ਪੂਲ ਸਨ ਪਰ ਉਹ ਪਿੰਡਾਂ ’ਚ ਪਾਣੀ ਪਹੁੰਚਾਉਣ ਤੇ ਯਤਨ ਤੱਕ ਨਹੀਂ ਕਰਦੇ ਸਨ। ਪ੍ਰਧਾਨ ਮੰਤਰੀ ਨੇ ਮਿਸ਼ਨ ਤਹਿਤ ਯੋਜਨਾਵਾਂ ਬਾਰੇ ਜਾਗਰੂਕਤਾ ਫੈਲਾਉਣ, ਵਧੇਰੇ ਪਾਰਦਰਸ਼ਤਾ ਅਤੇ ਜਵਾਬਦੇਹੀ ਲਈ ਜਲ ਜੀਵਨ ਮਿਸ਼ਨ ਐਪ ਵੀ ਲਾਂਚ ਕੀਤਾ। ਉਨ੍ਹਾਂ ਰਾਸ਼ਟਰੀ ਜਲ ਜੀਵਨ ਕੋਸ਼ ਦੀ ਵੀ ਸ਼ੁਰੂਆਤ ਕੀਤੀ ਜਿਥੇ ਦੇਸ਼-ਵਿਦੇਸ਼ ਦਾ ਕੋਈ ਵੀ ਵਿਅਕਤੀ, ਅਦਾਰਾ, ਕਾਰਪੋਰੇਟ ਜਾਂ ਦਾਨੀ ਪਿੰਡ ਦੇ ਹਰੇਕ ਘਰ, ਸਕੂਲ, ਆਂਗਣਵਾੜੀ ਕੇਂਦਰ, ਆਸ਼ਰਮ ਅਤੇ ਹੋਰ ਸਰਕਾਰੀ ਅਦਾਰਿਆਂ ’ਚ ਟੂਟੀ ਵਾਲੇ ਪਾਣੀ ਦੇ ਕੁਨੈਕਸ਼ਨ ਮੁਹੱਈਆ ਕਰਾਉਣ ’ਚ ਯੋਗਦਾਨ ਪਾ ਸਕਦਾ ਹੈ।