ਤਾਮਿਲਨਾਡੂ ਤੋਂ ਇਕ ਦਿਲ ਦਹਿਲਾ ਦੇਣ ਵਾਲੀ ਖ਼ਬਰ ਸਾਹਮਣੇ ਆਈ ਹੈ। ਦੇਸ਼ਭਰ ਵਿੱਚ ਇਕ ਵਾਰ ਫਿਰ ਵਧ ਰਹੇ ਕੋਰੋਨਾ ਮਾਮਲਿਆਂ ਵਿਚਾਲੇ ਤਾਮਿਲਨਾਡੂ ਦੇ ਮਦੂਰੇ ਵਿੱਚ ਕੋਰੋਨਾ ਦੇ ਡਰ ਕਾਰਨ ਇਕ ਪਰਿਵਾਰ ਦੇ ਪੰਜ ਮੈਂਬਰਾਂ ਨੇ ਜ਼ਹਿਰ ਖਾ ਲਿਆ। ਜਿਸ ਵਿਚੋਂ ਤਿੰਨ ਮੈਂਬਰਾਂ ਨੂੰ ਬਚਾਅ ਲਿਆ ਗਿਆ ਹੈ ਪਰ ਕਥਿਤ ਤੌਰ ‘ਤੇ ਜ਼ਹਿਰ ਖਾਣ ਦੀ ਵਜ੍ਹਾ ਨਾਲ ਇਕ 23 ਸਾਲਾ ਮਹਿਲਾ ਅਤੇ ਉਸ ਦੇ ਤਿੰਨ ਸਾਲਾ ਬੇਟੇ ਦੀ ਮੌਤ ਹੋ ਗਈ ਹੈ। ਹਾਲਾਂਕਿ ਪੁਲਸ ਨੇ ਇਸ ਤੋਂ ਬਾਅਦ ਜੋਥਿਕਾ ਦੇ ਦੋਵਾਂ ਭਰਾਵਾਂ ਅਤੇ ਉਸ ਦੀ ਮਾਂ ਨੂੰ ਹਸਪਤਾਲ ਪਹੁੰਚਾਇਆ ਜਿਥੇ ਉਨ੍ਹਾਂ ਦੀ ਸਿਹਤ ਸਥਿਰ ਦੱਸੀ ਜਾ ਰਹੀ ਹੈ।
ਪੁਲਸ ਮੁਤਾਬਕ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਪਰ ਫਿਲਹਾਲ ਜੋ ਜਾਣਕਾਰੀ ਸਾਹਮਣੇ ਆਈ ਹੈ ਉਸ ਮੁਤਾਬਕ ਜੋਥਿਕਾ ਦੇ ਪਰਿਵਾਰ ਨੇ ਕੋਰੋਨਾ ਇਨਫੈਕਸ਼ਨ ਅਤੇ ਉਸ ਦੇ ਨਤੀਜਿਆਂ ਦੇ ਖਦਸ਼ੇ ਦੇ ਚੱਲਦੇ ਜ਼ਹਿਰ ਖਾਧਾ ਸੀ। ਕੋਰੋਨਾ ਦੇ ਡਰ ਕਾਰਨ ਪਰਿਵਾਰ ਦੇ ਜ਼ਹਿਰ ਖਾਣ ਦਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਸੂਬਾ ਪੁਲਸ ਅਲਰਟ ਮੋਡ ‘ਤੇ ਆ ਗਈ ਹੈ। ਪੁਲਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਅਜਿਹੀ ਸਥਿਤੀ ‘ਚ ਉਹ ਸਿਹਤ ਅਧਿਕਾਰੀਆਂ ਤੋਂ ਸਲਾਹ ਲੈਣ।