ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੂੰ ਹਾਈਕੋਰਟ ਨੇ ਵੱਡਾ ਝਟਕਾ ਦਿੱਤਾ ਹੈ | ਨੰਦੀਗ੍ਰਾਮ ਚੋਣ ਮਾਮਲੇ ਵਿਚ ਕੋਲਕਾਤਾ ਹਾਈ ਕੋਰਟ ਨੇ ਮਮਤਾ ਨੂੰ 5 ਲੱਖ ਰੁਪਏ ਦਾ ਜੁਰਮਾਨਾ ਲਾਗਇਆ ਹੈ। ਦਰਅਸਲ ਮਮਤਾ ਬੈਨਰਜੀ ’ਤੇ ਇਹ ਜੁਰਮਾਨਾ ਉਹਨਾਂ ਦੀ ਚੋਣ ਪਟੀਸ਼ਨ ਦੀ ਸੁਣਵਾਈ ਤੋਂ ਜਸਟਿਸ ਕੌਸ਼ਿਕ ਚੰਦਾ ਦੀ ਬੈਂਚ ਨੂੰ ਹਟਾਉਣ ਦੀ ਮੰਗ ਤੋਂ ਬਾਅਦ ਲਗਾਇਆ ਗਿਆ ਹੈ।
ਮਮਤਾ ਬੈਨਜਰੀ ਨੇ ਜਸਟਿਸ ਚੰਦਾ ’ਤੇ ਭਾਜਪਾ ਨਾਲ ਸਬੰਧ ਹੋਣ ਦਾ ਆਰੋਪ ਲਗਾਇਆ ਸੀ। ਕੋਰਟ ਨੇ ਮਾਮਲੇ ਵਿਚ ਟਿੱਪਣੀ ਕਰਦਿਆਂ ਕਿਹਾ ਕਿ ਮਮਤਾ ਬੈਨਰਜੀ ਨੇ ਨਿਆਂਪਾਲਕਾ ਦੇ ਅਕਸ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਹੈ। ਇਸ ਤੋਂ ਪਹਿਲਾਂ ਪਟੀਸ਼ਨ ਦਰਜ ਕਰਦੇ ਸਮੇਂ ਮਮਤਾ ਨੇ ਕਿਹਾ ਸੀ ਕਿ ਜਸਟਿਸ ਚੰਦਾ ਦੀ ਕਥਿਤ ਫੋਟੋ ਸਾਹਮਣੇ ਆਈ ਹੈ, ਜਿਸ ਵਿਚ ਉਹ ਭਾਜਪਾ ਨੇਤਾਵਾਂ ਨਾਲ ਦਿਖਾਈ ਦੇ ਰਹੇ ਹਨ। ਅਜਿਹੇ ਵਿਚ ਉਹਨਾਂ ਨੂੰ ਇਸ ਕੇਸ ਤੋਂ ਹਟ ਜਾਣਾ ਚਾਹੀਦਾ ਹੈ।
ਜ਼ਿਕਰਯੋਗ ਹੈ ਕਿ 2 ਮਈ ਨੂੰ ਪੱਛਮੀ ਬੰਗਾਲ ਵਿਧਾਨ ਸਭਾ ਚੋਣਾਂ ਦੇ ਨਤੀਜੇ ਐਲਾਨੇ ਗਏ। ਇਸ ਦੌਰਾਨ ਮਮਤਾ ਬੈਨਰਜੀ ਨੰਦੀਗ੍ਰਾਮ ਸੀਟ ਤੋਂ ਭਾਜਪਾ ਸ਼ੁਭੇਂਦਰ ਅਧਿਕਾਰੀ ਤੋਂ 1956 ਵੋਟਾਂ ਨਾਲ ਹਾਰ ਗਈ। ਨਤੀਜਿਆਂ ਦੇ ਦਿਨ ਉਹਨਾਂ ਨੇ ਵੋਟਾਂ ਦੀ ਦੁਬਾਰਾ ਗਿਣਤੀ ਦੀ ਮੰਗ ਕੀਤੀ, ਜਿਸ ਨੂੰ ਚੋਣ ਕਮਿਸ਼ਨ ਨੇ ਨਹੀਂ ਮੰਨਿਆ।
ਇਸ ਤੋਂ ਬਾਅਦ ਚੋਣ ਨਤੀਜਿਆਂ ਖਿਲਾਫ਼ ਮਮਤਾ ਕੋਲਕਾਤਾ ਹਾਈ ਕੋਰਟ ਗਈ। ਇਸ ਵਿਚ ਉਹਨਾਂ ਨੇ ਸ਼ੁਭੇਂਦਰ ਅਧਿਕਾਰੀ ’ਤੇ ਚੋਣਾਂ ਵਿਚ ਰਿਸ਼ਵਤਖੋਰੀ, ਭ੍ਰਿਸ਼ਟਾਚਾਰ ਅਤੇ ਧਰਮ ਦੇ ਅਧਾਰ ’ਤੇ ਵੋਟ ਮੰਗਣ ਦੇ ਆਰੋਪ ਲਗਾਏ ਤੇ ਚੋਣ ਰੱਦ ਕਰਨ ਦੀ ਮੰਗ ਕੀਤੀ।