ਵਧਦੀ ਉਮਰ ਦੇ ਨਾਲ ਸਰੀਰ ‘ਚ ਕਈ ਬਦਲਾਅ ਆਉਂਦੇ ਹਨ। ਸਰੀਰ ਕਮਜ਼ੋਰ ਹੋਣ ਲੱਗਦਾ ਹੈ ਹੱਡੀਆਂ ਵੀ ਕਮਜ਼ੋਰ ਹੋ ਜਾਂਦੀਆਂ ਹਨ। ਖਾਸ ਕਰਕੇ ਔਰਤਾਂ ਦਾ ਸਰੀਰ ਕਈ ਸਮੱਸਿਆਵਾਂ ਨਾਲ ਜੂਝਦਾ ਹੈ। ਪੀਰੀਅਡਜ਼, ਪ੍ਰੈਗਨੈਂਸੀ ਦੇ ਬਾਅਦ ਵੀ ਸਰੀਰ ‘ਚ ਕਈ ਬਦਲਾਅ ਆਉਂਦੇ ਹਨ। ਅਜਿਹੇ ‘ਚ ਕੈਲਸ਼ੀਅਮ ਸਿਹਤ ਲਈ ਬਹੁਤ ਜ਼ਰੂਰੀ ਹੈ। ਕੈਲਸ਼ੀਅਮ ਹੱਡੀਆਂ ਅਤੇ ਦੰਦਾਂ ਨੂੰ ਮਜ਼ਬੂਤ ਕਰਨ ‘ਚ ਮਦਦ ਕਰਦਾ ਹੈ। ਵੈਸੇ ਤਾਂ ਡੇਅਰੀ ਪ੍ਰੋਡਕਟਸ ‘ਚ ਕੈਲਸ਼ੀਅਮ ਭਰਪੂਰ ਮਾਤਰਾ ‘ਚ ਪਾਇਆ ਜਾਂਦਾ ਹੈ। ਪਰ ਤੁਸੀਂ ਇਨ੍ਹਾਂ ਬੀਜਾਂ ਨੂੰ ਆਪਣੀ ਡਾਇਟ ‘ਚ ਵੀ ਸ਼ਾਮਲ ਕਰ ਸਕਦੇ ਹੋ। ਤਾਂ ਆਓ ਜਾਣਦੇ ਹਾਂ ਉਨ੍ਹਾਂ ਬਾਰੇ…
ਕੈਲਸ਼ੀਅਮ ਕਿਉਂ ਜ਼ਰੂਰੀ ਹੈ: ਕੈਲਸ਼ੀਅਮ ਸਿਹਤ ਲਈ ਬਹੁਤ ਜ਼ਰੂਰੀ ਹੈ। ਇਹ ਹੱਡੀਆਂ ਅਤੇ ਦੰਦਾਂ ਨੂੰ ਮਜ਼ਬੂਤ ਕਰਨ ‘ਚ ਮਦਦ ਕਰਦਾ ਹੈ। ਇਸ ਤੋਂ ਇਲਾਵਾ ਇਹ ਦਿਲ ਨੂੰ ਸਿਹਤਮੰਦ ਰੱਖਣ ਦੇ ਨਾਲ-ਨਾਲ ਮਾਸਪੇਸ਼ੀਆਂ ਦੇ ਕੰਮਕਾਜ ‘ਚ ਵੀ ਬਹੁਤ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ। ਨੌਜਵਾਨਾਂ ਦੇ ਸਰੀਰ ਨੂੰ ਪ੍ਰਤੀ ਦਿਨ ਘੱਟੋ-ਘੱਟ 1 ਹਜ਼ਾਰ ਮਿਲੀਗ੍ਰਾਮ ਕੈਲਸ਼ੀਅਮ ਦੀ ਲੋੜ ਹੁੰਦੀ ਹੈ। ਇਸੇ ਤਰ੍ਹਾਂ ਔਰਤਾਂ, ਬਜ਼ੁਰਗਾਂ ਅਤੇ ਬੱਚਿਆਂ ਦੇ ਸਰੀਰ ਨੂੰ ਵੀ ਕੈਲਸ਼ੀਅਮ ਦੀ ਲੋੜ ਹੁੰਦੀ ਹੈ। ਇਸ ਨੂੰ ਪੂਰਾ ਕਰਨ ਲਈ ਤੁਸੀਂ ਦੁੱਧ, ਦਹੀਂ, ਪਨੀਰ ਤੋਂ ਇਲਾਵਾ ਇਨ੍ਹਾਂ ਬੀਜਾਂ ਦਾ ਸੇਵਨ ਵੀ ਕਰ ਸਕਦੇ ਹੋ।
ਚਿਆਂ ਸੀਡਜ਼: ਕੈਲਸ਼ੀਅਮ ਦੀ ਕਮੀ ਨੂੰ ਪੂਰਾ ਕਰਨ ਲਈ ਤੁਸੀਂ ਚਿਆ ਦੇ ਬੀਜਾਂ ਦਾ ਸੇਵਨ ਕਰ ਸਕਦੇ ਹੋ। 2 ਚੱਮਚ ਚਿਆਂ ਸੀਡਜ਼ ‘ਚ 179 ਮਿਲੀਗ੍ਰਾਮ ਕੈਲਸ਼ੀਅਮ ਪਾਇਆ ਜਾਂਦਾ ਹੈ। ਇਸ ਤੋਂ ਇਲਾਵਾ ਇਸ ‘ਚ ਬੋਰਾਨ ਵੀ ਪਾਇਆ ਜਾਂਦਾ ਹੈ ਜੋ ਸਰੀਰ ਨੂੰ ਕੈਲਸ਼ੀਅਮ, ਫਾਸਫੋਰਸ ਅਤੇ ਮੈਗਨੀਸ਼ੀਅਮ ਨੂੰ ਮੇਟਾਬੋਲਾਈਜ਼ ਕਰਨ ‘ਚ ਮਦਦ ਕਰਦਾ ਹੈ। ਤੁਸੀਂ ਸਮੂਦੀ, ਦਲੀਆ ਜਾਂ ਫਿਰ ਦਹੀਂ ‘ਚ ਚਿਆ ਸੀਡਜ਼ ਮਿਲਾਕੇ ਖਾ ਸਕਦੇ ਹੋ।
ਸੂਰਜਮੁਖੀ ਦੇ ਬੀਜ: ਤੁਸੀਂ ਸੂਰਜਮੁਖੀ ਦੇ ਬੀਜਾਂ ਦਾ ਸੇਵਨ ਵੀ ਕਰ ਸਕਦੇ ਹੋ। ਇਹ ਪੋਸ਼ਕ ਤੱਤਾਂ ਨਾਲ ਭਰਪੂਰ ਹੁੰਦੇ ਹਨ। ਇਨ੍ਹਾਂ ‘ਚ ਕੈਲਸ਼ੀਅਮ ਬਹੁਤ ਜ਼ਿਆਦਾ ਮਾਤਰਾ ‘ਚ ਪਾਇਆ ਜਾਂਦਾ ਹੈ। ਇੱਕ ਕੱਪ ਸੂਰਜਮੁਖੀ ਦੇ ਬੀਜਾਂ ‘ਚ 109 ਮਿਲੀਗ੍ਰਾਮ ਕੈਲਸ਼ੀਅਮ ਹੁੰਦਾ ਹੈ। ਇਨ੍ਹਾਂ ‘ਚ ਮੈਗਨੀਸ਼ੀਅਮ ਵੀ ਭਰਪੂਰ ਮਾਤਰਾ ‘ਚ ਪਾਇਆ ਜਾਂਦਾ ਹੈ। ਮੈਗਨੀਸ਼ੀਅਮ ਤੁਹਾਡੇ ਸਰੀਰ ‘ਚ ਕੈਲਸ਼ੀਅਮ ਦੇ ਪ੍ਰਭਾਵਾਂ ਨੂੰ ਸੰਤੁਲਿਤ ਕਰਨ ‘ਚ ਮਦਦ ਕਰਦਾ ਹੈ। ਇਹ ਤੁਹਾਡੀਆਂ ਹੱਡੀਆਂ ਨੂੰ ਮਜ਼ਬੂਤ ਬਣਾਉਣ ‘ਚ ਵੀ ਮਦਦ ਕਰਦਾ ਹੈ।
ਤਿਲ ਦੇ ਬੀਜ: ਸਰਦੀਆਂ ਦੇ ਮੌਸਮ ‘ਚ ਤਿਲਾਂ ਦਾ ਸੇਵਨ ਕਰਨਾ ਬਹੁਤ ਫਾਇਦੇਮੰਦ ਮੰਨਿਆ ਜਾਂਦਾ ਹੈ। ਕੈਲਸ਼ੀਅਮ ਦੀ ਕਮੀ ਨੂੰ ਪੂਰਾ ਕਰਨ ਲਈ ਤੁਸੀਂ ਤਿਲ ਨੂੰ ਡਾਈਟ ‘ਚ ਸ਼ਾਮਲ ਕਰ ਸਕਦੇ ਹੋ। ਇੱਕ ਚੱਮਚ ਤਿਲ ਦੇ ਬੀਜ ‘ਚ 88 ਮਿਲੀਗ੍ਰਾਮ ਕੈਲਸ਼ੀਅਮ ਹੁੰਦਾ ਹੈ। ਤੁਸੀਂ ਇਸ ਦਾ ਸੇਵਨ ਟੋਸਟ ਕਰਕੇ ਵੀ ਕਰ ਸਕਦੇ ਹੋ। ਤਿਲਾਂ ‘ਚ ਜ਼ਿੰਕ ਅਤੇ ਕਾਪਰ ਪਾਇਆ ਜਾਂਦਾ ਹੈ ਜੋ ਤੁਹਾਡੀਆਂ ਹੱਡੀਆਂ ਲਈ ਬਹੁਤ ਫਾਇਦੇਮੰਦ ਹੁੰਦਾ ਹੈ।
ਅਲਸੀ ਦੇ ਬੀਜ: ਇਹ ਵਿਟਾਮਿਨਜ਼, ਮਿਨਰਲਜ਼ ਅਤੇ ਪ੍ਰੋਟੀਨ ਦਾ ਬਹੁਤ ਵਧੀਆ ਸਰੋਤ ਮੰਨਿਆ ਜਾਂਦਾ ਹੈ। ਇਨ੍ਹਾਂ ‘ਚ ਓਮੇਗਾ-3 ਫੈਟੀ ਐਸਿਡ ਵੀ ਭਰਪੂਰ ਮਾਤਰਾ ‘ਚ ਪਾਇਆ ਜਾਂਦਾ ਹੈ। 100 ਗ੍ਰਾਮ ਫਲੈਕਸ ਦੇ ਬੀਜਾਂ ‘ਚ 255 ਮਿਲੀਗ੍ਰਾਮ ਕੈਲਸ਼ੀਅਮ ਪਾਇਆ ਜਾਂਦਾ ਹੈ। ਤੁਸੀਂ ਸਮੂਦੀ ‘ਚ ਫਲੈਕਸਸੀਡ ਮਿਲਾ ਕੇ ਇਸਦਾ ਸੇਵਨ ਕਰ ਸਕਦੇ ਹੋ। ਇਸ ਤੋਂ ਇਲਾਵਾ ਤੁਸੀਂ ਇਸ ਨੂੰ ਰਾਤ ਭਰ ਲਈ ਪਾਣੀ ‘ਚ ਭਿਓ ਕੇ ਸਵੇਰੇ ਇਨ੍ਹਾਂ ਦਾ ਸੇਵਨ ਕਰ ਸਕਦੇ ਹੋ। ਦਿਮਾਗ ਦੇ ਵਿਕਾਸ ਲਈ ਇਹ ਬਹੁਤ ਫਾਇਦੇਮੰਦ ਮੰਨਿਆ ਜਾਂਦਾ ਹੈ। ਇਸ ਤੋਂ ਇਲਾਵਾ ਇਹ ਤੁਹਾਡੇ ਸਰੀਰ ਦੇ ਮੈਟਾਬੋਲਿਜ਼ਮ ਨੂੰ ਵਧਾਉਣ ‘ਚ ਵੀ ਮਦਦ ਕਰਦਾ ਹੈ।