ਮੋਹਾਲੀ ਦੇ ਸੀ.ਪੀ. ਮਾਲ ਦੇ ਸਾਹਮਣੇ ਦਿਨ ਦਿਹਾੜੇ ਕੀਤੇ ਗਏ ਗੈਂਗਸਟਰ ਰਾਜੇਸ਼ ਡੋਗਰਾ ਕਤਲ ਕਾਂਡ ‘ਚ ਪੁਲਿਸ ਨੇ ਵੱਡੀ ਕਾਰਵਾਈ ਕਰਦਿਆਂ 5 ਗੈਂਗਸਟਰਾਂ ਨੂੰ ਗ੍ਰਿਫਤਾਰ ਕਰ ਲਿਆ ਹੈ।ਕਤਲ ਕੇਸ ‘ਚ ਵੱਡੀ ਸਫਤਾ ਹਾਸਲ ਕਰਦੇ ਹੋਏ ਐਸ.ਏ.ਐਸ ਨਗਰ ਪੁਲਿਸ ਨੇ 72 ਘੰਟਿਆਂ ਦੇ ਅੰਦਰ ਕਤਲ ਕਰਨ ਵਾਲੇ ਇੰਟਰਸਟੇਟ ਗੈਂਗ ਦੇ 5 ਗੈਂਗਸਟਰਾਂ ਨੂੰ ਕਾਬੂ ਕੀਤਾ ਹੈ, ਕਾਬੂ ਕੀਤੇ ਗਏ ਗੈਂਗਸਟਰਾਂ ਤੋਂ 3 ਪਿਸਟਲ, 2 ਰਿਵਾਲਵਰ 32 ਬੋਰ, 1 ਪੰਪ ਐਕਸ਼ਨ ਗਨ 12 ਬੋਰ, 71 ਜ਼ਿੰਦਾ ਕਾਰਤੂਸ ਅਤੇ 4 ਲਗਜ਼ਰੀ ਕਾਰਾਂ ਬਰਾਮਦ ਕੀਤੀਆਂ ਗਈਆਂ ਹਨ।
ਪੁਲਿਸ ਵਲੋਂ ਗੈਂਗਸਟਰਾਂ ਨੂੰ ਅਦਾਲਤ ‘ਚ ਪੇਸ਼ ਕਰਕੇ ਰਿਮਾਂਡ ‘ਤੇ ਲਿਆ ਜਾ ਰਿਹਾ ਹੈ।ਪੁਲਿਸ ਮੁਤਾਬਕ ਮੁਲਜ਼ਮਾਂ ਤੋਂ ਪੁੱਛਗਿਛ ਦੌਰਾਨ ਵੱਡੇ ਖੁਲਾਸੇ ਹੋਣ ਦੀ ਉਮੀਦ ਹੈ।
ਦੱਸਣਯੋਗ ਹੈ ਕਿ 4 ਮਾਰਚ ਨੂੰ ਦਿਨ ਦਿਹਾੜੇ ਮੋਹਾਲੀ ਦੇ ਸ਼ਾਪਿੰਗ ਮਾਲ ‘ਚ ਗਏ ਗੈਂਗਸਟਰ ਰਾਜੇਸ਼ ਡੋਗਰਾ ਦਾ ਮਾਲ ਦੇ ਬਾਹਰ ਹੀ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ।ਮ੍ਰਿਤਕ ਨੌਜਵਾਨ ਜੰਮੂ ਦਾ ਰਹਿਣ ਵਾਲਾ ਸੀ ਅਤੇ ਉਹ ਸਵੇਰੇ ਸੈਕਟਰ 67 ਦੇ ਸੀ.ਪੀ. ਮਾਲ ‘ਚ ਸ਼ਾਪਿੰਗ ਕਰਨ ਗਿਆ ਸੀ, ਜਿਵੇਂ ਹੀ ਰਾਜੇਸ਼ ਡੋਗਰਾ ਮਾਲ ‘ਚੋ ਬਾਹਰ ਆਇਆ ਤਾਂ ਹਮਲਾਵਰਾਂ ਵਲੋਂ ਉਸ ‘ਤੇ 15 ਰਾਊਂਡ ਫਾਇਰ ਕੀਤੇ ਗਏ, ਹਮਲੇ ‘ਚ ਡੋਗਰਾ ਦੀ ਮੌਕੇ ‘ਤੇ ਹੀ ਮੌਤ ਹੋ ਗਈ।
ਮੋਹਾਲੀ ‘ਚ ਸੀਪੀ ਮਾਲ ਦੇ ਬਾਹਰ ਗੈਂਗਸਟਰ ਰਾਜੇਸ਼ ਡੋਗਰਾ ਕਤਲ ਮਾਮਲੇ ‘ਚ 5 ਗੈਂਗਸਟਰ ਗ੍ਰਿਫ਼ਤਾਰ