PGI: ਪੀਜੀਆਈ ਚੰਡੀਗੜ੍ਹ ਵਿਖੇ ਅਪਰੇਸ਼ਨ ਲਈ ਆਏ ਪੰਜ ਮਰੀਜ਼ਾਂ ਦੀ ਸ਼ੱਕੀ ਹਾਲਾਤਾਂ ਵਿੱਚ ਮੌਤ ਹੋ ਗਈ ਹੈ। 5 ਵਿਅਕਤੀਆਂ ਦੀ ਮੌਤ ਕਾਰਨ ਪੀਜੀਆਈ ਪ੍ਰਸ਼ਾਸਨ ਵਿੱਚ ਹੜਕੰਪ ਮਚ ਗਿਆ ਹੈ। ਪੀਜੀਆਈ ਪ੍ਰਸ਼ਾਸਨ ਨੂੰ ਸ਼ੱਕ ਹੈ ਕਿ ਇਨ੍ਹਾਂ ਮਰੀਜ਼ਾਂ ਨੂੰ ਬੇਹੋਸ਼ੀ ਕਰਨ ਲਈ ਜੋ ਟੀਕੇ ਲਾਏ ਗਏ ਸਨ, ਉਹ ਕੋਈ ਮੌਤ ਦਾ ਟੀਕਾ ਤਾਂ ਨਹੀਂ।
ਇਸ ਬਾਬਤ ਸਿਹਤ ਸਕੱਤਰ ਯਸ਼ਪਾਲ ਗਰਗ ਦਾ ਕਹਿਣਾ ਹੈ ਕਿ ਮਰਨ ਵਾਲੇ ਪੰਜ ਲੋਕਾਂ ਦੀ ਮੌਤ ਦਾ ਕਾਰਨ ਇੰਜੈਕਸ਼ਨ ਸੀ ਜਾਂ ਨਹੀਂ। ਇਸ ਗੱਲ ਦਾ ਖੁਲਾਸਾ ਟੀਕੇ ਦੀ ਟੈਸਟ ਰਿਪੋਰਟ ਆਉਣ ਤੋਂ ਬਾਅਦ ਹੋਵੇਗਾ। ਸਿਹਤ ਸਕੱਤਰ ਨੇ ਦੱਸਿਆ ਕਿ ਡਰੱਗ ਇੰਸਪੈਕਟਰ ਅਤੇ ਸੀਡੀਐਸਸੀਓ ਦੀ ਟੀਮ ਨੇ ਕੈਮਿਸਟਾਂ ਤੋਂ ਸੈਂਪਲ ਲਏ ਹਨ। ਸੈਂਪਲ ਜਾਂਚ ਲਈ ਭੇਜੇ ਗਏ ਹਨ।ਇਨ੍ਹਾਂ ਟੀਕਿਆਂ ਦੀ ਰਿਪੋਰਟ ਚਾਰ ਹਫ਼ਤਿਆਂ ਵਿੱਚ ਆ ਜਾਵੇਗੀ। ਇਸ ਬੈਚ ਦੇ ਸਾਰੇ ਟੀਕੇ ਬਾਜ਼ਾਰ ਤੋਂ ਹਟਾ ਦਿੱਤੇ ਗਏ ਹਨ। ਇਸ ਦੇ ਪੰਚਕੂਲਾ ਦੇ ਵਿਤਰਕਾਂ ਨੂੰ ਵੀ ਦਵਾਈਆਂ ਦੇ ਇਸ ਬੈਚ ਦੀ ਸਪਲਾਈ ਨਾ ਕਰਨ ਲਈ ਕਿਹਾ ਗਿਆ ਹੈ।
ਚੰਡੀਗੜ੍ਹ ਸ਼ਹਿਰ ਵਿੱਚ ਮਰੀਜ਼ਾਂ ਨੂੰ ਦਿੱਤੇ ਜਾਣ ਵਾਲੇ ਪ੍ਰੋਪੋਫਾਲ ਇੰਜੈਕਸ਼ਨ ਦਾ ਸਾਰਾ ਸਟਾਕ ਜ਼ਬਤ ਕਰ ਲਿਆ ਗਿਆ ਹੈ। 3200 ਦੇ ਕਰੀਬ ਟੀਕੇ ਜ਼ਬਤ ਕੀਤੇ ਗਏ। ਇਸ ਟੀਕੇ ਨੂੰ ਹੁਣ ਜਾਂਚ ਲਈ ਸੈਂਟਰਲ ਡਰੱਗਜ਼ ਲੈਬਾਰਟਰੀ, ਕੋਲਕਾਤਾ ਭੇਜਿਆ ਗਿਆ ਹੈ।
ਪੀਜੀਆਈ ਪ੍ਰਸ਼ਾਸਨ ਨੇ ਇਸ ਪੂਰੇ ਮਾਮਲੇ ਦੀ ਜਾਂਚ ਲਈ ਇੱਕ ਕਮੇਟੀ ਵੀ ਬਣਾਈ ਹੈ। ਕਮੇਟੀ ਦੀ ਅਗਵਾਈ ਨਿਊਰੋਸਰਜਰੀ ਦੇ ਮੁਖੀ ਪ੍ਰੋਫੈਸਰ ਐਸ.ਕੇ.ਗੁਪਤਾ ਕਰਨਗੇ।