ਸ਼ਨੀਵਾਰ ਸਵੇਰ ਤੋਂ ਰੁਕ-ਰੁਕ ਕੇ ਹੋ ਰਹੀ ਬਾਰਿਸ਼ ਨਾਲ ਮਾਲ ਰੋਡ ’ਤੇ ਇਕ ਨਿਰਮਾਣ ਅਧੀਨ ਇਮਾਰਤ ਦੀ ਬੇਸਮੈਂਟ ’ਚ ਪਾਣੀ ਭਰ ਗਿਆ, ਜਿਸ ਕਾਰਨ ਲਗਪਗ 50 ਫੁੱਟ ਸੜਕ ਬੈਠ ਗਈ। ਇਸ ਘਟਨਾ ਨੇ ਨਗਰ ਨਿਗਮ ਦੀ ਪੋਲ ਖੋਲ੍ਹ ਦਿੱਤੀ ਹੈ। ਬੇਸਮੈਂਟ ’ਚ ਪਾਣੀ ਭਰਨ ਨਾਲ ਆਸਪਾਸ ਦੇ ਲੋਕਾਂ ’ਚ ਦਹਿਸ਼ਤ ਦਾ ਮਾਹੌਲ ਹੈ, ਕਿਉਂਕਿ ਚਾਰ ਪੰਜ ਮਹੀਨੇ ਪਹਿਲਾਂ ਰੇਲਵੇ ਸਟੇਸ਼ਨ ਦੇ ਸਾਹਮਣੇ ਵੀ ਬਣ ਰਹੇ ਇਕ ਹੋਟਲ ਤੇ ਇਕ ਖ਼ਸਤਾਹਾਲ ਹੋਟਲ ਦੀ ਵਜ੍ਹਾ ਨਾਲ ਨੇੜਲੇ ਅੱਠ ਦਸ ਘਰਾਂ ਨੂੰ ਨੁਕਸਾਨ ਪੁੱਜਾ ਸੀ, ਜਿਸ ’ਚ ਅੱਜ ਤਕ ਲੋਕਾਂ ਦੇ ਘਰ ਨਹੀਂ ਬਣ ਸਕੇ ਹਨ।
ਸ਼ਨੀਵਾਰ ਨੂੰ ਹੋਈ ਘਟਨਾ ਤੋਂ ਬਾਅਦ ਸਵਾਲ ਉੱਠ ਰਹੇ ਹਨ ਕਿ ਮਾਲ ਰੋਡ ਸਥਿਤ ਸ਼ਹਿਰ ਦੀ ਪ੍ਰਾਈਮ ਲੋਕੇਸ਼ਨ ’ਤੇ ਕਿਸੇ ਵੱਡੀ ਵਾਰਦਾਤ ਦਾ ਨਿਰਮਾਣ ਹੋ ਰਿਹਾ ਹੈ, ਤਾਂ ਨਗਰ ਨਿਗਮ ਦੇ ਐੱਮਟੀਪੀ ਵਿਭਾਗ ਨੇ ਇਸ ਨੂੰ ਗੰਭੀਰਤਾ ਨਾਲ ਕਿਉਂ ਨਹੀਂ ਲਿਆ ਹੈ। ਉੱਥੇ ਦੂਜੇ ਪਾਸੇ ਸੀਵਰੇਜ ਦੀ ਲੀਕੇਜ ਨੂੰ ਘਟਨਾ ਦਾ ਜ਼ਿੰਮੇਵਾਰ ਠਹਿਰਾਇਆ ਜਾ ਰਿਹਾ ਹੈ। ਜਦਕਿ ਹੁਣ ਦੇਖਣਾ ਇਹ ਹੋਵੇਗਾ ਕਿ ਮਾਲ ਰੋਡ ’ਤੇ ਇਕ ਨਿਰਮਾਣ ਅਧੀਨ ਇਮਾਰਤ ਦੀ ਵਜ੍ਹਾ ਨਾਲ ਹੋਏ ਨੁਕਸਾਨ ਲਈ ਜ਼ਿੰਮੇਵਾਰ ਕੌਣ ਹੈ, ਜੋ ਘਟਨਾ ਵਾਲੀ ਥਾਂ ’ਤੇ ਜਾਂਚ ਹੋਣ ਤੋਂ ਬਾਅਦ ਹੀ ਸਪਸ਼ਟ ਹੋ ਸਕੇਗਾ। ਦੱਸਣਯੋਗ ਹੈ ਕਿ ਸ਼ਨਿਚਰਵਾਰ ਨੂੰ ਘਟਨਾ ਹੋਣ ਤੋਂ ਬਾਅਦ ਨਗਰ ਨਿਗਮ ਦੇ ਅਧਿਕਾਰੀਆਂ ਨੇ ਮੌਕੇ ’ਤੇ ਪਹੁੰਚ ਕੇ ਨਿਰਮਾਣ ਅਧੀਨ ਇਮਾਰਤ ਦੀ ਬੇਸਮੈਂਟ ’ਚ ਮਿੱਟੀ ਪਾ ਕੇ ਸਡ਼ਕਾਂ ਨੂੰ ਬੈਠਣ ਤੋਂ ਬਚਾਉਣ ਦਾ ਯਤਨ ਕੀਤਾ, ਪਰ ਬਚਾਅ ਕਰਦੇ-ਕਰਦੇ ਵੀ ਲਗਪਗ 50 ਬਾਈ 10 ਫੁੱਟ ਦੇ ਕਰੀਬ ਸਡ਼ਕ ਧੱਸਣ ਤੋਂ ਬਾਅਦ ਦੋਵੇਂ ਪਾਸਿਓਂ ਆਵਾਜਾਈ ਬੰਦ ਕਰਵਾ ਦਿੱਤੀ ਗਈ। ਇਸ ਘਟਨਾ ’ਚ ਸੀਵਰੇਜ ਲਾਈਨ ਵੀ ਟੁੱਟੀ ਹੈ। ਬੇਸਮੈਂਟ ’ਚ ਲਗਾਤਾਰ ਪਾਣੀ ਵਡ਼ ਰਿਹਾ ਹੈ। ਨਗਰ ਨਿਗਮ ਲਈ ਇਹ ਵੱਡੀ ਚੁਣੌਤੀ ਹੈ।
ਨਿਗਮ ਕਮਿਸ਼ਨਰ :
ਨਗਰ ਨਿਗਮ ਦੇ ਕਮਿਸ਼ਨਰ ਕੁਮਾਰ ਸੌਰਭ ਰਾਜ ਨੇ ਦੱਸਿਆ ਕਿ ਉਨ੍ਹਾਂ ਨੂੰ ਇਸ ਘਟਨਾ ਦੀ ਸੂਚਨਾ ਮਿਲੀ ਹੈ। ਇਮਾਰਤ ਦੀ ਰੀਸਟੋਰੇਸ਼ਨ ਦਾ ਕੰਮ ਕਰਵਾਉਣ ਦੇ ਨਿਰਦੇਸ਼ ਜਾਰੀ ਕਰ ਦਿੱਤੇ ਗਏ ਹਨ। ਜਦਕਿ ਇਮਾਰਤ ਬਾਰੇ ਸਬੰਧਤ ਵਿਭਾਗਾਂ ਤੋਂ ਜਾਣਕਾਰੀ ਮੰਗੀ ਗਈ ਹੈ। ਲਾਪਰਵਾਹੀ ਵਰਤਣ ਵਾਲਾ ਕੋਈ ਵੀ ਅਫ਼ਸਰ ਜਾਂ ਮੁਲਾਜ਼ਮ ਬਖ਼ਸ਼ਿਆ ਨਹੀਂ ਜਾਵੇਗਾ।
ਏਟੀਪੀ ਨੇ ਕਿਹਾ :
ਉਕਤ ਇਮਾਰਤ ਦੇ ਨਕਸ਼ੇ ਦੇ ਵਿਸ਼ੇ ’ਚ ਜਾਣਕਾਰੀ ਹਾਸਲ ਕਰਨ ’ਤੇ ਨਗਰ ਨਿਗਮ ਦੇ ਐੱਮਟੀਪੀ ਵਿਭਾਗ ਦੇ ਏਟੀਪੀ ਪਰਮਜੀਤ ਸਿੰਘ ਦੱਤਾ ਨੇ ਕਿਹਾ ਕਿ ਨਕਸ਼ੇ ਦੀ ਗੱਲ ਸਰਕਾਰ ਪੱਧਰ ’ਤੇ ਹੈ। ਇਸਦੇ ਨਾਲ ਹੀ ਜਦੋਂ ਐੱਮਟੀਪੀ ਮਿਹਰਬਾਨ ਸਿੰਘ ਤੋਂ ਇਮਾਰਤ ਦੇ ਨਕਸ਼ੇ ਬਾਰੇ ਜਾਣਕਾਰੀ ਲੈਣੀ ਚਾਹੀ ਤਾਂ ਉਨ੍ਹਾਂ ਨੇ ਫੋਨ ਨਹੀਂ ਚੁੱਕਿਆ।