ਬੀ.ਸੀ. ਪ੍ਰੋਵਿੰਸ਼ੀਅਲ ਕੋਰਟ ਨੇ ਸਰੀ ਦੇ ਇਕ ਫੋਟੋਗ੍ਰਾਫ਼ਰ ਨੂੰ ਆਪਣੇ ਕੰਮ ਵਿਚ ਅਣਗਹਿਲੀ ਵਰਤਣ ’ਤੇ 22 ਹਜ਼ਾਰ ਡਾਲਰ ਜੁਰਮਾਨਾ ਅਦਾ ਕਰਨ ਦਾ ਹੁਕਮ ਦਿੱਤਾ ਹੈ। ਇਸ ਫੋਟੋਗ੍ਰਾਫਰ ਵਿਰੁੱਧ ਸਰੀ ਦੀ ਹੀ ਇੱਕ ਪੰਜਾਬੀ ਵਿਆਹੁਤਾ ਜੋੜੀ ਨੇ ਕੇਸ ਦਾਇਰ ਕੀਤਾ ਸੀ ਕਿ ਉਨ੍ਹਾਂ ਨੂੰ ਵਿਆਹ ਤੋਂ 6 ਸਾਲ ਬਾਅਦ ਵੀ ਐਲਬਮ ਤੇ ਵਿਆਹ ਦੀ ਮੂਵੀ ਨਹੀਂ ਦਿੱਤੀ ਗਈ। ਬੀ.ਸੀ. ਪ੍ਰੋਵਿੰਸ਼ੀਅਲ ਕੋਰਟ ਦੀ ਜੱਜ ਵੱਲੀਆਮਈ ਚੇਟੀਅਰ ਨੇ ਫ਼ੈਸਲਾ ਸੁਣਾਉਂਦੇ ਹੋਏ ਕਿਹਾ ਕਿ ਫ਼ੋਟੋਗ੍ਰਾਫ਼ਰ ਅਮਨ ਬੱਲ ਨੇ ਕਮਨ ਅਤੇ ਰਮਨਦੀਪ ਰਾਏ ਨੂੰ ਉਨ੍ਹਾਂ ਦੇ ਵਿਆਹ ਦੀ ਐਲਬਮ ਤੇ ਮੂਵੀ ਸਮੇਂ ਸਿਰ ਨਹੀਂ ਦਿੱਤੀ ਅਤੇ ਆਪਣੇ ਕੰਮ ’ਚ ਅਣਗਹਿਲੀ ਵਰਤਣ ਬਦਲੇ ਉਸ ਨੂੰ ਜੁਰਮਾਨਾ ਕੀਤਾ ਗਿਆ ਹੈ।
ਵਿਆਹੁਤਾ ਜੋੜੀ ਕਮਨ ਅਤੇ ਰਮਨਦੀਪ ਰਾਏ ਨੇ ਅਦਾਲਤ ਵਿੱਚ ਦੱਸਿਆ ਕਿ ਉਨ੍ਹਾਂ ਨੇ ਜੂਨ 2015 ਨੂੰ ਆਪਣੇ ਵਿਆਹ ’ਚ ਫੋਟੋਗ੍ਰਾਫ਼ੀ ਅਤੇ ਵੀਡੀਓਗ੍ਰਾਫ਼ੀ ਸੇਵਾਵਾਂ ਪ੍ਰਦਾਨ ਕਰਨ ਲਈ ਅਮਨ ਬੱਲ ਅਤੇ ਉਸ ਦੀ ਕੰਪਨੀ ‘ਇਲੀਟ ਇਮੇਜਸ’ ਕੰਪਨੀ ਨਾਲ 8500 ਡਾਲਰ ਵਿੱਚ ਗੱਲ ਕੀਤੀ ਸੀ। ਪਰ ਵਿਆਹ ਨੂੰ ਲੰਬਾ ਸਮਾਂ ਬੀਤਣ ਦੇ ਬਾਵਜੂਦ ਅਮਨ ਬੱਲ ਨੇ ਐਲਬਮ ਤੇ ਵਿਆਹ ਦੀ ਮੂਵੀ ਉਨ੍ਹਾਂ ਨੂੰ ਬਣਾ ਕੇ ਦਿੱਤੀ ਜਿਸ ਕਾਰਨ ਉਨ੍ਹਾਂ ਨੂੰ ਕਾਫੀ ਪ੍ਰੇਸ਼ਾਨੀ ਸਹਿਣੀ ਪਈ ਹੈ।
ਫ਼ੋਟੋਗ੍ਰਾਫ਼ਰ ਅਮਨ ਬੱਲ ਨੇ ਅਦਾਲਤ ਵਿੱਚ ਆਪਣੇ ਬਚਾਅ ’ਚ ਕਿਹਾ ਕਿ ਉਸ ਨੇ ਐਲਬਮ ਤੇ ਮੂਵੀ ਇਸ ਲਈ ਨਹੀਂ ਦਿੱਤੀ ਕਿਉਂਕਿ ਉਸ ਦੇ 3500 ਡਾਲਰ ਬਕਾਇਆ ਰਹਿੰਦੇ ਹਨ ਅਤੇ ਕਈ ਵਾਰ ਕਹਿਣ ਦੇ ਬਾਵਜੂਦ ਕਮਨ ਅਤੇ ਰਮਨਦੀਪ ਰਾਏ ਨੇ ਉਸ ਦਾ ਬਕਾਇਆ ਅਦਾ ਨਹੀਂ ਕੀਤਾ। ਅਮਨ ਬੱਲ ਦੇ ਵਕੀਲ ਨੇ ਇਹ ਵੀ ਦਲੀਲ ਦੇਣ ਦਾ ਯਤਨ ਕੀਤਾ ਕਿ ਇਸ ਮਾਮਲੇ ਵਿੱਚ ਅਮਨ ਨੂੰ ਜ਼ਿੰਮੇਵਾਰ ਨਹੀਂ ਠਹਿਰਾਇਆ ਜਾਣਾ ਚਾਹੀਦਾ, ਕਿਉਂਕਿ ਕਮਨ ਤੇ ਰਮਨਦੀਪ ਰਾਏ ਨੇ ਵਿਆਹ ਦੀ ਐਲਬਮ ਲਈ ਅਮਨ ਬੱਲ ਨਾਲ ਨਹੀਂ, ਸਗੋਂ ‘ਇਲੀਟ ਇਮੇਜਸ ਲਿਮਟਡ’ ਕੰਪਨੀ ਨਾਲ ਬੁਕਿੰਗ ਕੀਤੀ ਸੀ।
ਮਾਣਯੋਗ ਜੱਜ ਨੇ ਅਮਨ ਬੱਲ ਦੀ ਕੋਈ ਤਰਕ ਨਾ ਮੰਨਦਿਆਂ ਜੋੜੇ ਦੇ ਹੱਕ ਵਿੱਚ ਫ਼ੈਸਲਾ ਸੁਣਾਇਆ ਹੈ ਅਤੇ ਫ਼ੋਟੋਗ੍ਰਾਫ਼ਰ ਨੂੰ 22 ਹਜ਼ਾਰ ਡਾਲਰ ਦਾ ਜੁਰਮਾਨਾ ਅਦਾ ਕਰਨ ਦਾ ਹੁਕਮ ਦਿੱਤਾ ਹੈ।