-
5 ਜੂਨ ਨੂੰ ਅੰਮ੍ਰਿਤਸਰ ਛਾਉਣੀ ਚੋਂ ਫੌਜਾਂ ਸ੍ਰੀ ਦਰਬਾਰ ਸਾਹਿਬ ਵੱਲ ਨੂੰ ਵਧਣ ਲੱਗੀਆਂ। ਹਨੇਰਾ ਹੋ ਚੁੱਕਾ ਸੀ, ਬਿਜਲੀ ਬੰਦ ਸੀ , ਕੋਈ ਚਾਨਣ ਨਹੀਂ, ਚਾਰੇ ਪਾਸੇ ਘੁੱਪ ਹਨੇਰਾ। ਕਰਫਿਊ ਲੱਗਿਆ ਹੋਇਆ, ਲੋਕ ਘਰਾਂ ਚੋਂ ਬਾਹਰ ਨਹੀਂ ਨਿੱਕਲ ਸਕਦੇ। ਬਖ਼ਤਰਬੰਦ ਗੱਡੀਆਂ ਤੇ ਟੈਂਕ ਸ੍ਰੀ ਦਰਬਾਰ ਸਾਹਿਬ ਵੱਲ ਵੱਧ ਰਹੇ ਨੇ। ਕੋਤਵਾਲੀ ਦੇ ਵਿਚ ਰਿਜ਼ਰਵ ਫੋਰਸ ਰੱਖੀ ਗਈ ਸੀ ਕਿ ਜਦੋਂ ਲੋੜ ਪਵੇ ਤਾਂ ਬੁਲਾ ਲਿਆ ਜਾਵੇ। 10 ਬਖ੍ਤਰਬੰਦ ਗੱਡੀਆਂ ਤੇ 6 ਟੈਂਕਾਂ ਸ੍ਰੀ ਦਰਬਾਰ ਸਾਹਿਬ ਵੱਲ ਆ ਰਹੇ ਨੇ। ਲੋਕਾਂ ਵਿਚ ਦਹਿਸ਼ਤ ਦਾ ਮਾਹੌਲ ਸੀ। ਕਿਉਂਕਿ ਅੱਜ ਉਹ ਕਾਰਵਾਈ ਹੋਣ ਜਾ ਰਹੀ ਸੀ ਪੰਜਾਬ ਦੀ ਹਿੱਕ ਤੇ ਸਦਾ ਲਈ ਨਾਸੂਰ ਬਣ ਕੇ ਰਹਿਣ ਵਾਲੀ ਸੀ। 12-12:30 ਤੱਕ ਫੌਜ ਅਤੇ ਖਾੜਕੂ ਸਿੰਘਾਂ ਚ ਭਾਰੀ ਗੋਲੀਬਾਰੀ ਹੋ ਰਹੀ ਸੀ। ਫ਼ੌਜ ਅੱਗੇ ਵਧਣੀ ਤਾਂ ਕੀ ਡਿਉੜੀ ਤੋਂ ਅੱਗੇ ਨਹੀਂ ਸੀ ਵੱਧ ਰਹੀ । ਅੰਦਰ ਜਨਰਲ ਸੁਬੇਗ ਸਿੰਘ ਨੇ ਇਸ ਤਰੀਕੇ ਦੀ ਰਣਨੀਤੀ ਤਿਆਰ ਕੀਤੀ ਹੋਈ ਸੀ ਕਿ ਵੱਡੇ ਪੱਧਰ ‘ਤੇ ਫੌਜ ਦਾ ਨੁਕਸਾਨ ਹੋਇਆ।
ਰਾਤ 2 ਵਜੇ ਤੋਂ ਬਾਅਦ ਤੱਕ ਜਦੋਂ ਕੋਈ ਪੇਸ਼ ਨਾ ਚਲਦੀ ਦਿਖੀ ਤਾਂ ਲੰਗਰ ਹਾਲ ਵਾਲੇ ਪਾਸੇ ਤੋਂ ਅੰਦਰ ਟੈਂਕ ਤੇ ਬਖ੍ਤਰਬੰਦ ਗੱਡੀਆਂ ਵਾੜੀਆਂ ਗਈਆਂ। ਖਾੜਕੂ ਸਿੰਘਾਂ ਨੇ ਅੰਦਰੋਂ ਰਾਕਟ ਲਾਂਚਰ ਦਾ ਗੋਲਾ ਛੱਡਿਆ ਜਿਸ ਨਾਲ ਇਹ ਗੱਡੀ ਕੰਡਮ ਹੋ ਗਈ ਤੇ ਅੱਗੇ ਨਾ ਵਧ ਸਕੀ। ਬਰਾੜ ਦਾ ਕਹਿਣਾ ਸੀ ਕਿ ਇਹ ਦਿਮਾਗ ਵਿਚ ਵੀ ਨਹੀਂ ਸੀ ਕਿ ਅੰਦਰ ਰਾਕਟ ਲਾਂਚਰ ਵੀ ਹੋਵੇਗੀ। ਬਰਾੜ ਨੇ ਲਿਖਿਆ ਕਿ ਫਿਰ ਰਾਤ ਨੂੰ 2:30 ਮਿੰਟ ਤੇ ਇੰਦਰਾ ਗਾਂਧੀ ਤੋਂ ਟੈਂਕਾਂ ਦੀ ਵਰਤੋਂ ਕਰਨ ਦੀ ਆਗਿਆ ਮੰਗੀ। ਅੱਧੀ ਰਾਤ ਨੂੰ ਸ੍ਰੀ ਅਕਾਲ ਤਖਤ ਤੇ ਛੋਟੀ ਤੋਪ ਦੇ ਗੋਲੇ ਦਾਗੇ ਗਏ।
ਸਵੇਰ ਦੇ 4:30 ਮਿੰਟ ਹੋ ਗਏ ਸੀ ਦਿਨ ਚੜ੍ਹਨਾ ਸ਼ੁਰੂ ਹੋ ਗਿਆ। ਖਬਰਾਂ ਮਿਲ ਰਹੀਆਂ ਸੀ ਕਿ ਸ੍ਰੀ ਅੰਮ੍ਰਿਤਸਰ ਸਾਹਿਬ ਸ਼ਹਿਰ ਦੇ ਆਲੇ-ਦੁਆਲੇ ਪਿੰਡਾਂ ਚੋਂ ਲੋਕ ਪਹੁੰਚਣੇ ਸ਼ੁਰੂ ਹੋ ਗਏ। ਤੇ ਉਨ੍ਹਾਂ ਦੇ ਜੈਕਾਰੇ ਸ੍ਰੀ ਦਰਬਾਰ ਸਾਹਿਬ ਤੱਕ ਸੁਣ ਰਹੇ ਸੀ। ਬਰਾੜ ਦੇ ਦਿਮਾਗ ਵਿੱਚ ਸੀ ਕਿ ਜੇ ਇਹ ਦਰਬਾਰ ਸਾਹਿਬ ਤੱਕ ਪਹੁੰਚ ਗਏ ਤਾ ਕੰਟਰੋਲ ਕਰਨ ਔਖਾ ਹੋ ਜਾਣਾ। ਫਿਰ ਦਿੱਲੀ ਤੋਂ ਵੱਡੀ ਤੋਪ ਵਰਤਣ ਦੀ ਆਗਿਆ ਮੰਗੀ। ਤਕਰੀਬਨ 5 ਵਜੇ ਇਹ ਆਗਿਆ ਮਿਲੀ ਜਿਸ ਤੋਂ ਬਾਅਦ ਵੱਡੀ ਤੋਪ ਦੇ105 MM ਦੇ ਗੋਲੇ ਸ੍ਰੀ ਅਕਾਲ ਤਖਤ ਸਾਹਿਬ ਵੱਲ ਦਾਗੇ ਗਏ। ਇਹ ਗੋਲਾ ਜਿੱਥੇ ਵੀ ਵੱਜਦਾ ਗਿਆ ਸਭ ਤਹਿਸ਼ ਨਹਿਸ਼ ਕਰਦਾ ਗਿਆ। 3 ਟੈਂਕ ਸ੍ਰੀ ਅਕਾਲ ਤਖ਼ਤ ਸਾਹਿਬ ਵੱਲ ਗੋਲੇ ਦਾਗ ਰਹੇ ਸੀ। ਦਰਸ਼ਨੀ ਡਿਉੜੀ ਨੂੰ ਵੱਡਾ ਨੁਕਸਾਨ ਹੋਇਆ ਤੇ ਸ੍ਰੀ ਅਕਾਲ ਤਖਤ ਸਾਹਿਬ ਦੀਆਂ ਉੱਪਰਲੀਆਂ ਮੰਜ਼ਿਲਾਂ ਢਹਿ ਗਈਆਂ। ਸ੍ਰੀ ਅਕਾਲ ਤਖਤ ਸਾਹਿਬ ਚੋਂ ਧਮਾਕੇ ਅਵਾਜ਼ਾਂ ਆਈਆਂ ਤੇ ਗੋਲਿਆਂ ਦਾ ਧੂਆਂ ਅਸਮਾਨੀ ਚੜ੍ਹ ਰਿਹਾ ਸੀ। ਖਾੜਕੂ ਸਿੰਘਾਂ ਵੱਲੋਂ ਵੀ ਮੁਕਾਬਲਾ ਕੀਤਾ ਜਾ ਰਿਹਾ ਸੀ। ਦਿਨ ਚੜ੍ਹ ਗਿਆ ਤੇ ਸ੍ਰੀ ਅਕਾਲ ਤਖਤ ਸਾਹਿਬ ਢਹਿ ਚੁੱਕਿਆ ਸੀ। ਆਲੇ-ਦੁਆਲੇ ਮਲਬੇ ਦੇ ਵਿੱਚ ਖਾੜਕੂ ਸਿੰਘਾਂ ਤੇ ਤੇ ਫੌਜੀਆਂ ਦੀਆਂ ਲਾਸ਼ਾਂ ਸੀ
ਕੁਝ ਲੋਕਾਂ ਦਾ ਕਹਿਣਾ ਹੈ ਕਿ ਪਹਿਲਾਂ ਜਨਰਲ ਸੁਬੇਗ ਸਿੰਘ ਦੇ ਪਰਿਕਰਮਾ ‘ਚ ਗੋਲੀ ਲੱਗੀ ਤੇ ਕੁਝ ਦਾ ਕਹਿਣਾ ਕਿ ਜਦੋਂ ਅਕਾਲ ਤਖ਼ਤ ਸਾਹਿਬ ਦੀਆਂ ਮੰਜ਼ਿਲਾਂ ਢਹਿਣੀਆਂ ਸ਼ੁਰੂ ਹੋਈਆਂ ਉਦੋਂ ਗੋਲੀ ਲੱਗੀ। ਜ਼ਖਮੀ ਹਾਲਤ ‘ਚ ਸੰਤ ਭਿੰਡਰਾਂਵਾਲੇ ਜਨਰਲ ਸੁਬੇਗ ਸਿੰਘ ਕੋਲ ਗਏ ਤੇ ਉਨ੍ਹਾਂ ਦਾ ਸਿਰ ਆਪਣੀ ਗੋਦੀ ਚ ਰੱਖਿਆ। ਖੁਦ ਜਨਰਲ ਸੁਬੇਗ ਸਿੰਘ ਦੇ ਸਰੀਰ ਤੇ ਕੱਪੜਾ ਪਾਇਆ ਤੇ ਕਾਰਬਾਈਨ ਪਾਸੇ ਰੱਖੀ। ਉਸ ਮੌਕੇ ਜੋ ਸੰਤ ਭਿੰਡਰਾਂਵਾਲਿਆਂ ਦੇ ਨਾਲ ਸੀ ਉਹ ਦੱਸਦੇ ਨੇ ਕਿ ਸੰਤਾਂ ਨੇ ਸਾਰਿਆਂ ਨੂੰ ਕਿਹਾ ਕਿ ਹੁਣ ਜਿਸ ਕਿਸੇ ਨੇ ਨਿੱਕਲਣਾ ਉਹ ਨਿੱਕਲ ਸਕਦਾ। ਭਾਈ ਅਮਰੀਕ ਸਿੰਘ ਨੂੰ ਵੀ ਕਿਹਾ ਤਾਂ ਉਨ੍ਹਾਂ ਕਿਹਾ ਕਿ ਮੈਂ ਪ੍ਰਣ ਕਰਕੇ ਆਇਆਂ ਤੇ ਇਸ ਮੌਕੇ ਕਿਵੇਂ ਜਾ ਸਕਦਾ। ਫਿਰ ਭੋਰਾ ਸਾਹਿਬ ਚੋਂ ਨਿੱਕਲੇ ਤੇ ਪੌੜੀਆਂ ਚੜ੍ਹਦੀ ਸਾਰ ਭਾਈ ਅਮਰੀਕ ਸਿੰਘ ਦੇ ਗੋਲੀ ਵੱਜੀ ਤੇ ਸੰਤ ਭਿੰਡਰਾਂਵਾਲਿਆਂ ਦੇ ਦੋਵੇਂ ਨਿਸ਼ਾਨ ਸਾਹਿਬਾਂ ਕੋਲ। ਗੋਲੀਆਂ ਦੇ ਨਾਲ ਸਾਰਾ ਸਰੀਰ ਛਾਂਟਿਆ ਗਿਆ। ਇਹ ਵਾਕਿਆ 6 ਜੂਨ ਨੂੰ ਸਵੇਰੇ 9 ਵਜੇ ਤੋਂ ਬਾਅਦ ਦਾ ਦੱਸਿਆ ਜਾਂਦਾ।
ਕੁਝ ਸਿੱਖ ਵਿਸ਼ਲੇਸ਼ਕਾਂ ਜਾਂ ਉਸ ਮੌਕੇ ਦੇ ਚਸ਼ਮਦੀਦਾਂ ਨੇ ਲਿਖਿਆ ਕਿ ਕਈ ਝੂਠ ਨੇ ਜੋ ਜਨਰਲ ਬਰਾੜ ਨੇ ਆਪਣੀ ਨਾਕਾਮੀ ਨੂੰ ਲੁਕਾਉਣ ਲਈ ਲਿਖੇ। ਫੌਜ ਦੇ ਏਨੇ ਨੁਕਸਾਨ ਦਾ ਕਾਰਨ ਬਰਾੜ ਨੇ ਲਿਖਿਆ ਕਿ ਖਾੜਕੂ ਸਿੰਘਾਂ ਨੇ ਸ੍ਰੀ ਹਰਿਮੰਦਰ ਸਾਹਿਬ ਤੇ ਮੋਰਚੇ ਲਗਾਏ ਹੋਏ ਸੀ। ਤੇ ਕਮਰਿਆਂ ਤੋਂ ਸ੍ਰੀ ਅਕਾਲ ਤਖਤ ਸਾਹਿਬ ਤੱਕ ਸੁਰੰਗਾਂ ਸੀ। ਪਰ ਮੌਕੇ ਦੇ ਬਹੁਤ ਸਾਰੇ ਚਸ਼ਮਦੀਦਾਂ ਨੇ ਜੋ ਉਸ ਮੌਕੇ SGPC ਦੇ ਮੁਲਾਜ਼ਮ ਸਨ ਜਾਂ ਸੰਤਾਂ ਦੇ ਨਾਲ ਦੇ ਸੀ ਜੋ ਬਚ ਗਏ ਸੀ। ਉਨ੍ਹਾਂ ਨੇ ਕਾਫੀ ਇੰਟਰਵਿਊਜ਼ ਦੇ ਵਿੱਚ ਕਿਹਾ ਕਿ ਇਹ ਸਰਾਸਰ ਝੂਠ ਹੈ। ਕੋਈ ਦਰਬਾਰ ਸਾਹਿਬ ਤੇ ਮੋਰਚੇ ਨਹੀਂ ਸੀ ਤੇ ਨਾ ਹੀ ਸੁਰੰਗਾਂ ਸੀ। ਬਰਾੜ ਨੇ ਆਪਣੀ ਨਾਕਾਮੀ ਨੂੰ ਲੁਕਾਉਣ ਲਈ ਇਹ ਝੂਠ ਬੋਲਿਆ। ( ਚੱਲਦਾ )
ਨੋਟ :- ਇਹ ਸਾਰੀ ਜਾਣਕਾਰੀ 1984 ਦੇ ਚਸ਼ਮਦੀਦਾਂ, ਜਨਰਲ ਬਰਾੜ ਦੀ ਕਿਤਾਬ ਤੇ ਹੋਰਨਾਂ ਸੋਮਿਆਂ ਤੋਂ ਪ੍ਰਾਪਤ ਕੀਤੀ ਗਈ ਹੈ, ਕੁਝ ਵੀ ਆਪਣੇ ਕੋਲੋਂ ਨਹੀਂ ਲਿਖਿਆ ਗਿਆ ) - -ਰਾਜਵੀਰ ਸਿੰਘ