ਬ੍ਰਾਜ਼ੀਲ ਦੇ ਮਿਨਾਸ ਗੇਰੇਸ ਸੂਬੇ ‘ਚ ਸ਼ਨੀਵਾਰ ਨੂੰ ਇਕ ਭਿਆਨਕ ਹਾਦਸਾ ਵਾਪਰ ਗਿਆ। ਇੱਥੇ ਸਥਿਤ ਫਰਨਾਸ ਝੀਲ ਵਿੱਚ ਚੱਟਾਨ ਦਾ ਇਕ ਵੱਡਾ ਹਿੱਸਾ ਟੁੱਟ ਕੇ ਡਿੱਗ ਗਿਆ ਅਤੇ ਉਥੇ ਬੋਟਿੰਗ ਕਰ ਰਹੇ ਕਈ ਲੋਕ ਵੀ ਇਸ ਦੀ ਲਪੇਟ ‘ਚ ਆ ਗਏ। ਰਿਪੋਰਟ ਮੁਤਾਬਕ ਇਸ ਹਾਦਸੇ ‘ਚ 7 ਲੋਕਾਂ ਦੀ ਮੌਤ ਹੋ ਗਈ ਹੈ ਜਦਕਿ 32 ਲੋਕ ਜ਼ਖਮੀ ਹੋਏ ਹਨ। ਇਸ ਤੋਂ ਇਲਾਵਾ 20 ਦੇ ਕਰੀਬ ਲੋਕ ਲਾਪਤਾ ਹਨ, ਜਿਨ੍ਹਾਂ ਦੀ ਭਾਲ ਜਾਰੀ ਹੈ। ਇਸ ਹਾਦਸੇ ਦਾ ਇੱਕ ਵੀਡੀਓ ਵੀ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ, ਜੋ ਦਿਲ ਦਹਿਲਾ ਦੇਣ ਵਾਲਾ ਹੈ।
Different angle of Brazil rock collapse accident pic.twitter.com/tCeQ6v2jXN
— Steve Lookner (@lookner) January 8, 2022
ਲਾਪਤਾ 20 ਦੀ ਭਾਲ ਜਾਰੀ ਹੈ
ਦੱਸ ਦੇਈਏ ਕਿ ਬ੍ਰਾਜ਼ੀਲ ‘ਚ ਕੈਪੀਟੋਲੀਓ ਇਲਾਕੇ ‘ਚ ਫਰਨਾਸ ਦੀ ਝੀਲ ਹੈ। ਇੱਥੇ ਸ਼ਨੀਵਾਰ ਨੂੰ ਵੀ ਹਮੇਸ਼ਾ ਦੀ ਤਰ੍ਹਾਂ ਵੱਡੀ ਗਿਣਤੀ ‘ਚ ਲੋਕ ਬੋਟਿੰਗ ਕਰ ਰਹੇ ਸਨ। ਫਿਰ ਅਚਾਨਕ ਚੱਟਾਨ ਦਾ ਇੱਕ ਵੱਡਾ ਟੁਕੜਾ ਟੁੱਟ ਕੇ ਡਿੱਗ ਪਿਆ ਅਤੇ 3 ਸੈਲਾਨੀ ਕਿਸ਼ਤੀਆਂ ਵੀ ਇਸ ਦੀ ਲਪੇਟ ‘ਚ ਆ ਗਈਆਂ। ਮਿਨਾਸ ਗੇਰੇਸ ਫਾਇਰ ਫਾਈਟਰਜ਼ ਦੇ ਕਮਾਂਡਰ ਕਰਨਲ ਐਡਗਾਰਡ ਐਸਟੇਵੋ ਡੀ ਸਿਲਵਾ ਨੇ ਦੱਸਿਆ ਕਿ ਇਸ ਹਾਦਸੇ ‘ਚ ਹੁਣ ਤੱਕ 7 ਲੋਕਾਂ ਦੇ ਮਾਰੇ ਜਾਣ ਦੀ ਪੁਸ਼ਟੀ ਹੋ ਚੁੱਕੀ ਹੈ। 32 ਲੋਕ ਜ਼ਖਮੀ ਹੋਏ ਹਨ, ਜਦਕਿ 20 ਲੋਕ ਲਾਪਤਾ ਹਨ। ਇਸ ਦੇ ਨਾਲ ਹੀ ਬ੍ਰਾਜ਼ੀਲ ਦੇ ਰਾਸ਼ਟਰਪਤੀ ਬੋਲਸੋਨਾਰੋ ਨੇ ਵੀ ਇਸ ਹਾਦਸੇ ‘ਤੇ ਇੱਕ ਵੀਡੀਓ ਟਵੀਟ ਕੀਤਾ ਹੈ, ਜਿਸ ਵਿੱਚ ਕਿਹਾ ਗਿਆ ਹੈ ਕਿ ਜਲ ਸੈਨਾ ਨੇ ਖੋਜ ਅਤੇ ਬਚਾਅ ਕਾਰਜਾਂ ਵਿੱਚ ਸ਼ਾਮਲ ਹੋਣ ਲਈ ਰਾਹਤ ਬਲ ਦੀ ਟੀਮ ਨੂੰ ਤਾਇਨਾਤ ਕੀਤਾ ਹੈ।