ਅੱਜ ਸਿੱਖ ਪ੍ਰਚਾਰਕ ਅਤੇ ਦਮਦਮੀ ਟਕਸਾਲ ਜਥਾ ਰਾਜਪੁਰਾ ਦੇ ਮੁੱਖ ਸੇਵਾਦਾਰ ਭਾਈ ਬਲਜਿੰਦਰ ਸਿੰਘ ਪਰਵਾਨਾ ਨੂੰ ਸੱਤ ਦਿਨਾਂ ਦੇ ਰਿਮਾਂਡ ਮਗਰੋਂ ਖਰੜ (ਮੋਹਾਲੀ) ਦੀ ਅਦਾਲਤ ‘ਚ ਪੇਸ਼ ਕਰਕੇ ਪੁਲਿਸ ਨੇ ਜੇਲ੍ਹ ਭੇਜ ਦਿੱਤਾ ਹੈ, ਉਹਨਾਂ ਉੱਤੇ ਸਖ਼ਤ ਧਾਰਾਵਾਂ ਸਹਿਤ ਮੁਕੱਦਮੇ ਦਰਜ਼ ਕੀਤੇ ਗਏ ਸਨ। ਇਸ ਮੌਕੇ ਖਰੜ ਅਦਾਲਤ ਦੇ ਬਾਹਰ ਜਥਾ ਸਿਰਲੱਥ ਖ਼ਾਲਸਾ ਦੇ ਮੁੱਖ ਜਥੇਦਾਰ ਭਾਈ ਦਿਲਬਾਗ ਸਿੰਘ ਸੁਲਤਾਨਵਿੰਡ, ਸਿੱਖ ਯੂਥ ਫ਼ੈਡਰੇਸ਼ਨ ਭਿੰਡਰਾਂਵਾਲਾ ਦੇ ਆਗੂ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ, ਸਿੱਖ ਪ੍ਰਚਾਰਕ ਭਾਈ ਭਗਵੰਤ ਸਿੰਘ ਢੀਂਡਸਾ, ਸਿੱਖ ਯੂਥ ਪਾਵਰ ਆਫ਼ ਪੰਜਾਬ ਦੇ ਆਗੂ ਭਾਈ ਪ੍ਰਦੀਪ ਸਿੰਘ ਇਆਲੀ ਅਤੇ ਭਾਈ ਬਲਜਿੰਦਰ ਸਿੰਘ ਪਰਵਾਨਾ ਦਾ ਪਰਿਵਾਰ ਤੇ ਵੱਡੀ ਗਿਣਤੀ ਵਿੱਚ ਸੰਗਤਾਂ ਮੌਜੂਦ ਸਨ।
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵਕੀਲ ਰਮਨਦੀਪ ਸਿੰਘ ਗਿੱਲ, ਜਥਾ ਸਿਰਲੱਥ ਖ਼ਾਲਸਾ ਦੇ ਮੁੱਖ ਜਥੇਦਾਰ ਭਾਈ ਦਿਲਬਾਗ ਸਿੰਘ ਸੁਲਤਾਨਵਿੰਡ, ਸਿੱਖ ਯੂਥ ਫ਼ੈਡਰੇਸ਼ਨ ਭਿੰਡਰਾਂਵਾਲਾ ਦੇ ਆਗੂ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਨੇ ਦੱਸਿਆ ਕਿ ਭਾਈ ਬਲਜਿੰਦਰ ਸਿੰਘ ਪਰਵਾਨਾ ਪੁਲਿਸ ਹਿਰਾਸਤ ਵਿੱਚ ਪੂਰੇ ਚੜ੍ਹਦੀ ਕਲਾ ਵਿੱਚ ਹਨ। ਉਹਨਾਂ ਦਾ ਪਹਿਲਾਂ ਪੰਜ ਦਿਨਾਂ ਤੇ ਫਿਰ ਦੋ ਦਿਨਾਂ ਰਿਮਾਂਡ ਲਿਆ ਗਿਆ ਸੀ ਤੇ ਅੱਜ ਅਦਾਲਤੀ ਬਹਿਸ ਮਗਰੋਂ ਉਹਨਾਂ ਨੂੰ ਸੰਗਰੂਰ ਜੇਲ੍ਹ ਭੇਜਿਆ ਜਾ ਰਿਹਾ ਹੈ।
ਉਹਨਾਂ ਦੋਸ਼ ਲਾਇਆ ਕਿ ਪੁਲਿਸ ਨੇ ਪਹਿਲਾਂ ਵੀ ਚੁਪ ਚੁਪੀਤੇ ਭਾਈ ਬਲਜਿੰਦਰ ਸਿੰਘ ਪਰਵਾਨਾ ਨੂੰ ਅਦਾਲਤ ਚ ਪੇਸ਼ ਕੀਤਾ ਸੀ ਤੇ ਅੱਜ ਵੀ ਜਥੇਬੰਦੀਆਂ ਤੇ ਪਰਿਵਾਰ ਨਾਲ ਨਹੀਂ ਮਿਲਾਇਆ ਗਿਆ। ਉਹਨਾਂ ਕਿਹਾ ਕਿ ਭਾਈ ਪਰਵਾਨੇ ਨੂੰ ਪੁਲਿਸ ਝੂਠੇ ਕੇਸਾਂ ਵਿੱਚ ਉਲਝਾ ਰਹੀ ਹੈ ਜੋ ਬਰਦਾਸ਼ਤਯੋਗ ਨਹੀਂ ਹੈ। ਉਹਨਾਂ ਕਿਹਾ ਕਿ ਪੁਲਿਸ ਜਾਣਬੁੱਝ ਕੇ ਸਿੱਖੀ ਦਾ ਪ੍ਰਚਾਰ ਕਰਨ ਵਾਲ਼ੇ ਅਤੇ ਸੰਘਰਸ਼ਸ਼ੀਲ ਸਿੱਖ ਨੌਜਵਾਨਾਂ ਨੂੰ ਨਿਸ਼ਾਨਾ ਬਣਾ ਰਹੀ ਹੈ। ਉਹਨਾਂ ਕਿਹਾ ਕਿ ਹੱਕ ਸੱਚ ਦੀ ਆਵਾਜ਼ ਬੁਲੰਦ ਕਰਨ ਕਰਕੇ ਪੰਜਾਬ ਅਤੇ ਕੇਂਦਰ ਸਰਕਾਰ ਨੇ ਮਿਲੀਭੁਗਤ ਤਹਿਤ ਭਾਈ ਪਰਵਾਨੇ ਨੂੰ ਜੇਲ੍ਹੀਂ ਡੱਕਿਆ ਹੈ।
ਉਹਨਾਂ ਕਿਹਾ ਕਿ ਅਖੌਤੀ ਸ਼ਿਵ ਸੈਨਿਕ ਸਾਡੇ ਸਿੱਖ ਧਰਮ ਅਤੇ ਸ਼ਹੀਦਾਂ ਨੂੰ ਨਿਸ਼ਾਨਾ ਬਣਾਉਂਦੇ ਹਨ, ਪੁਲਿਸ ਅਜਿਹੇ ਸ਼ਰਾਰਤੀ ਅਨਸਰਾਂ ਨੂੰ ਤਾਂ ਸ਼ਹਿ ਦਿੰਦੀ ਹੈ, ਉਹਨਾਂ ਨੂੰ ਗੰਨਮੈਨ ਦਿੰਦੀ ਹੈ ਪਰ ਉਹਨਾਂ ਦੇ ਸ਼ਬਦੀ ਹਮਲਿਆਂ ਦਾ ਜਵਾਬ ਦੇਣ ਵਾਲੇ ਸਿੱਖ ਨੌਜਵਾਨਾਂ ਨੂੰ ਡੂੰਘੀ ਸਾਜਿਸ਼ ਤਹਿਤ ਜੇਲ੍ਹੀਂ ਡੱਕਿਆ ਜਾਂਦਾ ਹੈ। ਉਹਨਾਂ ਕਿਹਾ ਕਿ ਪੁਲਿਸ ਨੂੰ ਸਾਡਾ ਬਾਣੀ ਬਾਣਾ, ਸਿੱਖੀ ਸਰੂਪ ਤੇ ਪੰਥ ਅਤੇ ਪੰਜਾਬ ਦੇ ਸੇਵਾ ਕਾਰਜ ਚੁਭਦੇ ਹਨ। ਉਹਨਾਂ ਕਿਹਾ ਕਿ ਅਸੀਂ ਹਰ ਪੱਖੋਂ ਭਾਈ ਬਲਜਿੰਦਰ ਸਿੰਘ ਪਰਵਾਨਾ ਦੇ ਨਾਲ ਖੜ੍ਹੇ ਹਾਂ। ਇਸ ਮੌਕੇ ਭਾਈ ਗੁਰਸ਼ਰਨਜੀਤ ਸਿੰਘ ਛੰਨਾ, ਭਾਈ ਕੁਲਦੀਪ ਸਿੰਘ ਬਿੱਟੂ, ਭਾਈ ਸੱਜਣ ਸਿੰਘ ਪੱਟੀ, ਭਾਈ ਜਰਨੈਲ ਸਿੰਘ ਇਆਲੀ, ਭਾਈ ਈਸ਼ਰ ਸਿੰਘ ਆਦਿ ਹਾਜ਼ਰ ਸਨ।