ਸਿੱਖਿਆ ਮੰਤਰਾਲੇ ਨੇ ਸ਼ਨੀਵਾਰ ਨੂੰ NTA (ਨੈਸ਼ਨਲ ਟੈਸਟਿੰਗ ਏਜੰਸੀ) ਦੀਆਂ ਪ੍ਰੀਖਿਆਵਾਂ ‘ਚ ਬੇਨਿਯਮੀਆਂ ਨੂੰ ਰੋਕਣ ਅਤੇ ਪਾਰਦਰਸ਼ਤਾ ਲਿਆਉਣ ਲਈ 7 ਮੈਂਬਰੀ ਉੱਚ ਪੱਧਰੀ ਕਮੇਟੀ ਦਾ ਐਲਾਨ ਕੀਤਾ ਹੈ। ਇਸਰੋ ਦੇ ਸਾਬਕਾ ਚੇਅਰਮੈਨ ਅਤੇ ਆਈਆਈਟੀ ਕਾਨਪੁਰ ਦੇ ਸਾਬਕਾ ਡਾਇਰੈਕਟਰ ਕੇ. ਰਾਧਾਕ੍ਰਿਸ਼ਨਨ ਇਸ ਦੇ ਮੁਖੀ ਹੋਣਗੇ। ਇਹ ਕਮੇਟੀ 2 ਮਹੀਨਿਆਂ ਵਿੱਚ ਸਿੱਖਿਆ ਮੰਤਰਾਲੇ ਨੂੰ ਰਿਪੋਰਟ ਸੌਂਪੇਗੀ।
NEET ਪ੍ਰੀਖਿਆ ਵਿਵਾਦ ‘ਤੇ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਨੇ 20 ਜੂਨ ਨੂੰ ਪ੍ਰੈੱਸ ਕਾਨਫਰੰਸ ‘ਚ ਇਹ ਐਲਾਨ ਕੀਤਾ ਸੀ। ਸਿੱਖਿਆ ਮੰਤਰੀ ਨੇ ਕਿਹਾ ਸੀ ਕਿ ਇਹ ਕਮੇਟੀ NTA ਦੇ ਢਾਂਚੇ, ਕੰਮਕਾਜ, ਪ੍ਰੀਖਿਆ ਪ੍ਰਕਿਰਿਆ, ਪਾਰਦਰਸ਼ਤਾ, ਟ੍ਰਾਂਸਫਰ ਅਤੇ ਡਾਟਾ, ਸੁਰੱਖਿਆ ਪ੍ਰੋਟੋਕੋਲ ਵਿੱਚ ਹੋਰ ਸੁਧਾਰ ਕਰਨ ਲਈ ਸਿੱਖਿਆ ਮੰਤਰਾਲੇ ਨੂੰ ਸੁਝਾਅ ਦੇਵੇਗੀ।
ਕਮੇਟੀ ਵਿੱਚ 7 ਮੈਂਬਰ ਹੋਣਗੇ
1. ਡਾ ਕੇ ਰਾਧਾਕ੍ਰਿਸ਼ਨਨ, ਚੇਅਰਮੈਨ, ਇਸਰੋ ਦੇ ਸਾਬਕਾ ਮੁਖੀ
2. ਡਾ. ਰਣਦੀਪ ਗੁਲੇਰੀਆ, ਮੈਂਬਰ, ਏਮਜ਼ ਦੇ ਸਾਬਕਾ ਡਾਇਰੈਕਟਰ
3. ਪ੍ਰੋਫੈਸਰ ਬੀ.ਜੇ. ਰਾਓ, ਮੈਂਬਰ, ਵੀਸੀ-ਸੈਂਟਰਲ ਯੂਨੀਵਰਸਿਟੀ ਆਫ ਹੈਦਰਾਬਾਦ
4. ਪ੍ਰੋਫੈਸਰ ਰਾਮਾਮੂਰਤੀ, ਮੈਂਬਰ, ਸੇਵਾਮੁਕਤ ਪ੍ਰੋਫੈਸਰ-ਆਈਆਈਟੀ ਮਦਰਾਸ
5. ਪੰਕਜ ਬਾਂਸਲ, ਮੈਂਬਰ, ਸਹਿ-ਸੰਸਥਾਪਕ-ਲੋਕ ਮਜ਼ਬੂਤ, ਮੈਂਬਰ-ਕਰਮਯੋਗੀ ਭਾਰਤ।
6. ਪ੍ਰੋਫੈਸਰ ਆਦਿਤਿਆ ਮਿੱਤਲ, ਮੈਂਬਰ, ਵਿਦਿਆਰਥੀ ਮਾਮਲਿਆਂ ਦੇ ਡੀਨ-ਆਈਆਈਟੀ ਦਿੱਲੀ।
7. ਗੋਵਿੰਦ ਜੈਸਵਾਲ, ਮੈਂਬਰ, ਸੰਯੁਕਤ ਸਕੱਤਰ-ਸਿੱਖਿਆ ਮੰਤਰਾਲਾ
ਨੈਸ਼ਨਲ ਟੈਸਟਿੰਗ ਏਜੰਸੀ 7 ਸਾਲ ਪਹਿਲਾਂ ਬਣਾਈ ਗਈ ਸੀ
2017 ਵਿੱਚ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਆਪਣੇ ਬਜਟ ਭਾਸ਼ਣ ਵਿੱਚ NTA ਦੇ ਗਠਨ ਦਾ ਐਲਾਨ ਕੀਤਾ ਸੀ। ਇਸਦਾ ਕੰਮ ਗੁਣਵੱਤਾ ਜਾਂਚ ਸੇਵਾ ਪ੍ਰਦਾਨ ਕਰਨਾ ਹੈ ਭਾਵ ਦੇਸ਼ ਦੇ ਉੱਚ ਵਿਦਿਅਕ ਅਦਾਰਿਆਂ ਵਿੱਚ ਦਾਖਲੇ ਅਤੇ ਸਕਾਲਰਸ਼ਿਪ ਲਈ ਪ੍ਰੀਖਿਆਵਾਂ ਕਰਵਾਉਣਾ।
NTA ਨੇ 9 ਦਿਨਾਂ ‘ਚ 3 ਪ੍ਰੀਖਿਆਵਾਂ ਕੀਤੀਆਂ ਰੱਦ, NEET ਮੁੜ ਪ੍ਰੀਖਿਆ ਲਈ ਬਣਾਏ 6 ਨਵੇਂ ਕੇਂਦਰ
NTA ਨੇ ਸ਼ੁੱਕਰਵਾਰ ਨੂੰ 8.30 ਵਜੇ CSIR UGC NET ਪ੍ਰੀਖਿਆ ਮੁਲਤਵੀ ਕਰ ਦਿੱਤੀ। ਇਹ ਪ੍ਰੀਖਿਆ 25-27 ਜੂਨ ਦਰਮਿਆਨ ਹੋਣੀ ਸੀ। ਇਮਤਿਹਾਨ ਮੁਲਤਵੀ ਕਰਨ ਦਾ ਕਾਰਨ ਸਾਧਨਾਂ ਦੀ ਘਾਟ ਦੱਸਿਆ ਗਿਆ ਹੈ। NTA ਨੇ ਕਿਹਾ ਕਿ ਇਸ ਪ੍ਰੀਖਿਆ ਦਾ ਨਵਾਂ ਟਾਈਮ ਟੇਬਲ ਜਲਦੀ ਹੀ ਅਧਿਕਾਰਤ ਵੈੱਬਸਾਈਟ csirnet.nta.ac.in ‘ਤੇ ਅਪਲੋਡ ਕੀਤਾ ਜਾਵੇਗਾ।
ਦੋ ਦਿਨ ਪਹਿਲਾਂ 19 ਜੂਨ ਨੂੰ NTA ਨੇ ਬੇਨਿਯਮੀਆਂ ਦੇ ਡਰੋਂ UGC NET ਦੀ ਪ੍ਰੀਖਿਆ ਰੱਦ ਕਰ ਦਿੱਤੀ ਸੀ। ਇਸ ਤੋਂ ਪਹਿਲਾਂ 12 ਜੂਨ ਨੂੰ NCET ਦੀ ਪ੍ਰੀਖਿਆ ਰੱਦ ਕਰ ਦਿੱਤੀ ਗਈ ਸੀ।