ਪੰਜਾਬ ‘ਚ ਕੋਰੋਨਾ ਵਾਇਰਸ ਨੇ ਪੂਰੀ ਤਰ੍ਹਾਂ ਤੜਥੱਲੀ ਮਚਾਈ ਹੋਈ ਹੈ ਅਤੇ ਵੱਡੀ ਗਿਣਤੀ ‘ਚ ਰੋਜ਼ਾਨਾ ਕੋਰੋਨਾ ਮਰੀਜ਼ ਸਾਹਮਣੇ ਆ ਰਹੇ ਹਨ। ਉੱਥੇ ਹੀ ਕੋਰੋਨਾ ਕਾਰਨ ਹੋਣ ਵਾਲੀਆਂ ਮੌਤਾਂ ਦਾ ਅੰਕੜਾ ਵੀ ਲਗਾਤਾਰ ਵੱਧ ਰਿਹਾ ਹੈ। ਅਜਿਹੇ ‘ਚ ਪੰਜਾਬ ਲਗਾਤਾਰ ਖ਼ਤਰੇ ਵੱਲ ਵੱਧ ਰਿਹਾ ਹੈ ਕਿਉਂਕਿ ਸੂਬੇ ਦੇ 70 ਫ਼ੀਸਦੀ ਦੇ ਕਰੀਬ ਵੈਕਸੀਨ ਸੈਂਟਰ ਬੰਦ ਹੋ ਗਏ ਹਨ। ਕਰੀਬ ਸਾਰੇ ਜ਼ਿਲ੍ਹਿਆਂ ‘ਚ ਜ਼ਿਆਦਾਤਰ ਵੈਕਸੀਨੇਸ਼ਨ ਸੈਂਟਰ ਬੰਦ ਕਰ ਦਿੱਤੇ ਗਏ ਹਨ।
ਇਸ ਬਾਰੇ ਸਿਹਤ ਵਿਭਾਗ ਦੇ ਸਕੱਤਰ ਤੇ ਵੈਕਸੀਨੇਸ਼ਨ ਦੇ ਇੰਚਾਰਜ ਸੰਜੇ ਕੁਮਾਰ ਦਾ ਕਹਿਣਾ ਹੈ ਕਿ ਕੇਂਦਰ ਸਰਕਾਰ ਨੇ ਨਵੀਂ ਨੀਤੀ ਬਾਰੇ ਦੱਸਣ ਲਈ ਕਿਹਾ ਸੀ ਅਤੇ ਕੇਂਦਰ ਸਰਕਾਰ ਵੱਲੋਂ ਜਾਣਕਾਰੀ ਮਿਲਣ ਤੋਂ ਬਾਅਦ ਇਸ ਬਾਰੇ ਕੁੱਝ ਕਿਹਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਸ਼ੁੱਕਰਵਾਰ ਨੂੰ ਕੁੱਝ ਕੇਂਦਰਾਂ ‘ਤੇ 45 ਸਾਲ ਤੋਂ ਜ਼ਿਆਦਾ ਦੇ ਲੋਕਾਂ ਨੂੰ ਟੀਕੇ ਲੱਗੇ ਹਨ। ਲੁਧਿਆਣਾ ‘ਚ ਵੀ ਵੈਕਸੀਨ ਦੀ ਘਾਟ ਕਾਰਨ ਕਈ ਸੈਂਟਰਾਂ ਨੂੰ ਬੰਦ ਕਰ ਦਿੱਤਾ ਗਿਆ ਹੈ।
ਬਠਿੰਡਾ ‘ਚ ਵੱਡੀ ਗਿਣਤੀ ‘ਚ ਵੈਕਸੀਨ ਸੈਂਟਰ ਬੰਦ ਹੋ ਚੁੱਕੇ ਹਨ। ਇਸੇ ਤਰ੍ਹਾਂ ਜਲੰਧਰ ਦੇ ਵੀ ਕੁੱਝ ਹੀ ਸੈਂਟਰਾਂ ‘ਚ ਵੈਕਸੀਨ ਲਾਈ ਗਈ ਹੈ। ਸੂਬੇ ‘ਚ ਸਭ ਤੋਂ ਜ਼ਿਆਦਾ ਇਨਫੈਕਸ਼ਨ ਦਰ ਵਾਲੇ ਮੋਹਾਲੀ ‘ਚ ਸਭ ਜ਼ਿਆਦਾ 2 ਹਜ਼ਾਰ ਲੋਕਾਂ ਨੂੰ ਵੈਕਸੀਨ ਲਾਈ ਗਈ।