ਪਟਿਆਲਾ ਜੇਲ੍ਹ ‘ਚ ਬੰਦ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਸਣੇ 8 ਸਾਬਕਾ ਵਿਧਾਇਕਾਂ ਖਿਲਾਫ ਜਲਦ ਹੀ ਅਪਰਾਧਿਕ ਮਾਮਲਾ ਦਰਜ ਕੀਤਾ ਜਾ ਸਕਦਾ ਹੈ। ਜਿਨ੍ਹਾਂ ‘ਚ ਕੁਲਬੀਰ ਜ਼ੀਰਾ, ਗੁਰਪ੍ਰਤਾਪ ਵਡਾਲਾ, ਸ੍ਰੀਮਤੀ ਸਤਕਾਰ ਕੌਰ, ਗੁਰਪ੍ਰੀਤ ਸਿੰਘ ਜੀ.ਪੀ, ਸੁਖਪਾਲ ਸਿੰਘ ਭੁੱਲਰ, ਅੰਗਦ ਸਿੰਘ ਤੇ ਰਮਿੰਦਰ ਸਿੰਘ ਆਵਲਾ ਦੇ ਨਾਂ ਸ਼ਾਮਿਲ ਹਨ।
ਇਨ੍ਹਾਂ ਨੂੰ ਅਦਾਲਤ ‘ਚ ਕਾਨੂੰਨੀ ਕਾਰਵਾਈ ਦਾ ਵੀ ਸਾਹਮਣਾ ਕਰਨਾ ਪੈ ਸਕਦਾ ਹੈ। ਇਨ੍ਹਾਂ 8 ਸਾਬਕਾ ਵਿਧਾਇਕਾਂ ‘ਤੇ ਪੰਜਾਬ ਸਰਕਾਰ ਦੇ ਸਰਕਾਰੀ ਫਲੈਟ ‘ਤੇ ਨਾਜਾਇਜ਼ ਕਬਜ਼ਾ ਕਰਨ ਦਾ ਦੋਸ਼ ਹੈ ਤੇ ਕਈ ਨੋਟਿਸ ਭੇਜਣ ਤੋਂ ਬਾਅਦ ਵੀ ਇਨ੍ਹਾਂ ਵੱਲੋਂ ਸਰਕਾਰੀ ਫਲੈਟ ‘ਤੇ ਨਾਜਾਇਜ਼ ਕਬਜ਼ਾ ਨਹੀਂ ਛੱਡਿਆ ਜਾ ਰਿਹਾ ਹੈ। ਜਿਸ ਕਾਰਨ ਹੁਣ ਪੰਜਾਬ ਵਿਧਾਨ ਸਭਾ ਵੱਲੋਂ ਆਖਰੀ ਨੋਟਿਸ ਭੇਜਿਆ ਜਾ ਰਿਹਾ ਹੈ ਜੇ ਕਰ ਇਸ ਨੋਟਿਸ ਤੋਂ ਬਾਅਦ ਫਲੈਟ ਦਾ ਨਾਜਾਇਜ਼ ਕਬਜ਼ਾ ਨਹੀਂ ਛੱਡਿਆ ਤਾਂ ਪੁਲਿਸ ‘ਚ ਅਪਰਾਧਿਕ ਮਾਮਲਾ ਦਰਜ ਕਰਨ ਦੇ ਨਾਲ ਹੀ ਅਦਾਲਤ ‘ਚ ਮਾਮਲਾ ਵੀ ਚਲਾਇਆ ਜਾਵੇਗਾ। ਪੰਜਾਬ ਵਿਧਾਨਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਵੱਲੋਂ ਇਸ ਮਾਮਲੇ ‘ਚ ਸਖਤ ਕਾਰਵਾਈ ਕਰਨ ਲਈ ਸਿਧਾਂਤਕ ਇਜਾਜ਼ਤ ਵੀ ਦੇ ਦਿੱਤੀ ਗਈ ਹੈ।
ਜਾਣਕਾਰੀ ਮੁਤਾਬਕ ਪੰਜਾਬ ਵਿਧਾਨ ਸਭਾ ਚੋਣਾਂ ‘ਚ ਜਿੱਤ ਪ੍ਰਾਪਤ ਕਰਨ ਵਾਲੇ ਵਿਧਾਇਕਾਂ ਨੂੰ ਚੰਡੀਗੜ੍ਹ ਵਿਖੇ ਬਹੁਤ ਹੀ ਘੱਟ ਕਿਰਾਏ ‘ਤੇ ਸਰਕਾਰੀ ਫਲੈਟ ਦਿੱਤਾ ਜਾਂਦਾ ਹੈ। ਇਹ ਸਰਕਾਰੀ ਫਲੈਟ ਵਿਧਾਇਕਾਂ ਨੂੰ ਉਸ ਦੇ ਕਾਰਜਕਾਲ ਦੌਰਾਨ ਹੀ ਦਿੱਤਾ ਜਾਂਦਾ ਹੈ ਤੇ ਵਿਧਾਇਕਾਂ ਤੋਂ ਸਾਬਕਾ ਵਿਧਾਇਕ ਹੋਣ ‘ਤੇ ਇਹ ਫਲੈਟ ਵਾਪਿਸ ਲੈ ਲਏ ਜਾਂਦੇ ਹਨ ਤਾਂਕਿ ਜਿੱਤ ਕੇ ਆਏ ਵਿਧਾਇਕਾਂ ਨੂੰ ਫਲੈਟ ਅਲਾਟ ਕੀਤਾ ਜਾ ਸਕੇ।