ਪੀਐਮ ਨਰਿੰਦਰ ਮੋਦੀ ਅੱਜ ਗੁਜਰਾਤ ਦੌਰੇ ‘ਤੇ ਹਨ। ਜਿੱਥੇ ਪ੍ਰਧਾਨ ਮੰਤਰੀ ਨੇ ਸੂਬੇ ਦੇ ਲੋਕਾਂ ਨੂੰ ਕਈ ਖਾਸ ਤੋਹਫੇ ਦਿੱਤੇ। ਪੀਐਮ ਮੋਦੀ ਨੇ ਲੋਕਾਂ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਜਦੋਂ ਲੋਕ ਸਰਕਾਰ ਦੇ ਯਤਨਾਂ ਨਾਲ ਜੁੜਦੇ ਹਨ ਤਾਂ ਸਾਡੀ ਸੇਵਾ ਕਰਨ ਦੀ ਸ਼ਕਤੀ ਵਧ ਜਾਂਦੀ ਹੈ। ਰਾਜਕੋਟ ਦਾ ਇਹ ਆਧੁਨਿਕ ਹਸਪਤਾਲ (ਕੇਡੀਪੀ ਮਲਟੀਸਪੈਸ਼ਲਿਟੀ ਹਸਪਤਾਲ) ਇਸਦੀ ਪ੍ਰਮੁੱਖ ਉਦਾਹਰਣ ਹੈ। ਇਸ ਤੋਂ ਇਲਾਵਾ ਪੀਐਮ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ 26 ਮਈ ਨੂੰ ਐਨਡੀਏ ਸਰਕਾਰ ਨੇ ਆਪਣੇ 8 ਸਾਲ ਪੂਰੇ ਕਰ ਲਏ ਹਨ। ਇਸ ਸਮੇਂ ਦੌਰਾਨ ਉਨ੍ਹਾਂ ਦੀ ਸਰਕਾਰ ਨੇ ਅਜਿਹਾ ਕੋਈ ਕੰਮ ਨਹੀਂ ਕੀਤਾ, ਜਿਸ ਕਾਰਨ ਜਨਤਾ ਨੂੰ ਝੁਕਣਾ ਪਿਆ ਹੋਵੇ। 6 ਕਰੋੜ ਪਰਿਵਾਰਾਂ ਨੂੰ ਪਾਣੀ ਮੁਹੱਈਆ ਕਰਵਾਇਆ ਗਿਆ ਹੈ ਅਤੇ ਗਰੀਬਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਗਿਆ। ਇਸ ਦੇ ਨਾਲ ਹੀ 3 ਕਰੋੜ ਤੋਂ ਵੱਧ ਗਰੀਬਾਂ ਨੂੰ ਘਰ ਦਿੱਤੇ ਗਏ ਹਨ। ਮੁਸ਼ਕਿਲ ਸਮੇਂ ਦੌਰਾਨ ਕਿਸਾਨਾਂ ਦੇ ਖਾਤੇ ਵਿੱਚ ਪੈਸੇ ਜਮ੍ਹਾ ਕਰਵਾਏ ਗਏ। ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਜਦੋਂ ਕੋਰੋਨਾ ਕਾਲ ਦੌਰਾਨ ਇਲਾਜ ਦੀ ਜ਼ਰੂਰਤ ਵਧੀ ਤਾਂ ਅਸੀਂ ਟੈਸਟਿੰਗ ਨੂੰ ਵੀ ਤੇਜ਼ ਕਰ ਦਿੱਤਾ। ਜਦੋਂ ਵੈਕਸੀਨ ਦੀ ਲੋੜ ਪਈ ਤਾਂ ਇਹ ਮੁਫਤ ਦਿੱਤੀ ਗਈ।
ਪ੍ਰਧਾਨ ਮੰਤਰੀ ਮੋਦੀ ਨੇ ਸਰਕਾਰ ਦੇ 8 ਸਾਲ ਪੂਰੇ ਹੋਣ ‘ਤੇ ਕਿਹਾ ਕਿ ਅਸੀਂ ਕਾਰਜਕਾਲ ਦੌਰਾਨ ਗਰੀਬਾਂ ਦੀ ਸੇਵਾ, ਚੰਗੇ ਪ੍ਰਸ਼ਾਸਨ ਅਤੇ ਗਰੀਬਾਂ ਦੀ ਭਲਾਈ ਨੂੰ ਸਭ ਤੋਂ ਵੱਧ ਤਰਜੀਹ ਦਿੱਤੀ ਹੈ। ਸਬਕਾ ਸਾਥ, ਸਬਕਾ ਵਿਕਾਸ ਅਤੇ ਸਬਕਾ ਵਿਸ਼ਵਾਸ ਦੇ ਮੰਤਰ ‘ਤੇ ਚੱਲਦਿਆਂ ਅਸੀਂ ਦੇਸ਼ ਦੇ ਵਿਕਾਸ ਨੂੰ ਨਵਾਂ ਹੁਲਾਰਾ ਦਿੱਤਾ ਹੈ। ਉਥੇ ਹੀ ਪੀਐਮ ਨੇ ਇਹ ਵੀ ਕਿਹਾ ਕਿ ਅੱਜ ਜਦੋਂ ਮੈਂ ਗੁਜਰਾਤ ਦੀ ਧਰਤੀ ‘ਤੇ ਆਇਆ ਹਾਂ, ਮੈਂ ਸਿਰ ਝੁਕਾ ਕੇ ਗੁਜਰਾਤ ਦੇ ਸਾਰੇ ਨਾਗਰਿਕਾਂ ਦਾ ਸਨਮਾਨ ਕਰਨਾ ਚਾਹੁੰਦਾ ਹਾਂ। ਇਥੋਂ ਜੋ ਕਦਰਾਂ-ਕੀਮਤਾਂ ਅਤੇ ਸਿੱਖਿਆਵਾਂ ਮਿਲੀਆਂ, ਉਨ੍ਹਾਂ ਨੇ ਮੈਨੂੰ ਸਮਾਜ ਲਈ ਜਿਊਣਾ ਸਿਖਾਇਆ।
ਦੱਸ ਦੇਈਏ ਕਿ ਇਸ ਤੋਂ ਪਹਿਲਾਂ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਟਕੋਟ, ਰਾਜਕੋਟ ਵਿਖੇ ਨਵੇਂ ਬਣੇ ਮਾਤੁਸ਼੍ਰੀ ਕੇਡੀਪੀ ਮਲਟੀਸਪੈਸ਼ਲਿਟੀ ਹਸਪਤਾਲ ਦਾ ਉਦਘਾਟਨ ਕੀਤਾ। ਕਿਹਾ ਜਾ ਰਿਹਾ ਹੈ ਕਿ ਇਹ ਹਸਪਤਾਲ 40 ਕਰੋੜ ਦੀ ਲਾਗਤ ਨਾਲ ਬਣਾਇਆ ਗਿਆ ਹੈ। ਇੱਥੇ ਲੋਕਾਂ ਨੂੰ ਵਿਸ਼ਵ ਪੱਧਰੀ ਸਹੂਲਤਾਂ ਦੇਣ ਦਾ ਭਰੋਸਾ ਦਿੱਤਾ ਗਿਆ ਹੈ। ਜਾਣਕਾਰੀ ਦੇ ਅਨੁਸਾਰ ਅੱਜ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਵੀ ਗੁਜਰਾਤ ਦੌਰੇ ‘ਤੇ ਹਨ।