ਪੰਜਾਬ ਪੁਲਿਸ ਦੇ ਮੋਹਾਲੀ ਸਥਿਤ ਇੰਟੈਲੀਜੈਂਸ ਵਿੰਗ ਦੇ ਹੈੱਡਕੁਆਰਟਰ ‘ਤੇ ਹੋਏ ਹਮਲੇ ਦੀ ਵੀ ਅੱਤਵਾਦੀ ਐਂਗਲ ਤੋਂ ਜਾਂਚ ਕੀਤੀ ਜਾ ਰਹੀ ਹੈ। ਰਾਕੇਟ ਪ੍ਰੋਪੇਲਡ ਗ੍ਰੇਨੇਡ (ਆਰਪੀਜੀ) ਹਮਲੇ ਕਾਰਨ ਸੀਨੀਅਰ ਅਧਿਕਾਰੀ ਜਾਂਚ ਵਿੱਚ ਲੱਗੇ ਹੋਏ ਹਨ। ਮੁੱਢਲੀ ਜਾਂਚ ਵਿੱਚ ਇਹ ਵੀ ਸਾਹਮਣੇ ਆਇਆ ਹੈ ਕਿ ਹਮਲਾ ਹੈੱਡਕੁਆਰਟਰ ਦੀ ਇਮਾਰਤ ਦੇ ਬਾਹਰੋਂ ਕੀਤਾ ਗਿਆ ਸੀ।
ਮੁਢਲੀ ਜਾਣਕਾਰੀ ਮੁਤਾਬਕ ਗਰਨੇਡ ਹਮਲਾ ਕੀਤਾ ਗਿਆ ਹੈ। ਤੀਜੀ ਮੰਜ਼ਲ ਉਪਰ ਗਰਨੇਡ ਸੁਟਿਆ ਗਿਆ, ਜਿਸ ਨਾਲ ਬਿਲਡਿੰਗਜ਼ ਦੇ ਸ਼ੀਸ਼ੇ ਟੁੱਟੇ ਹਨ। ਗਰਨੇਡ ਸੁੱਟਣ ਲਈ ਰਾਕੇਟ ਲਾਂਚਰ ਦੇ ਇਸਤੇਮਾਲ ਦੀ ਸ਼ੰਕਾ ਪ੍ਰਗਟ ਕੀਤੀ ਗਈ। ਇਸ ਹਮਲੇ ਤੋਂ ਬਾਅਦ ਰਾਸ਼ਟਰੀ ਜਾਂਚ ਏਜੰਸੀ ਵੀ ਸਰਗਰਮ ਹੋ ਗਈ ਹੈ। NIA ਦੀ ਇਕ ਟੀਮ ਪੰਜਾਬ ਇੰਟੈਲੀਜੈਂਸ ਦੇ ਦਫ਼ਤਰ ਆ ਰਹੀ ਹੈ। ਉਹ ਇਸ ਦੀ ਵੀ ਜਾਂਚ ਕਰੇਗੀ।
ਪੁਲਿਸ ਮੁਤਾਬਕ ਇਹ ਹਮਲਾ ਕਰੀਬ 80 ਮੀਟਰ ਦੀ ਦੂਰੀ ਤੋਂ ਕੀਤਾ ਗਿਆ। ਅਣਪਛਾਤੇ ਹਮਲਾਵਰ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ। ਇਸ ਤੋਂ ਬਾਅਦ ਖੁਫੀਆ ਵਿਭਾਗ ਇਲਾਕੇ ਦੇ ਸੀਸੀਟੀਵੀ ਫੁਟੇਜ, ਮੋਬਾਈਲ ਟਾਵਰ ਦੀ ਜਾਂਚ ਕਰ ਰਿਹਾ ਹੈ। ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਕਿਹਾ ਹੈ ਕਿ ਮੋਹਾਲੀ ਧਮਾਕਾ ਉਨ੍ਹਾਂ ਲੋਕਾਂ ਦੀ ਕਾਇਰਤਾਪੂਰਨ ਕਾਰਵਾਈ ਹੈ ਜੋ ਪੰਜਾਬ ਦੀ ਸ਼ਾਂਤੀ ਨੂੰ ਭੰਗ ਕਰਨਾ ਚਾਹੁੰਦੇ ਹਨ।