ਮੁੰਬਈ ‘ਚ ਸੋਮਵਾਰ ਨੂੰ ਕੋਰੋਨਾ ਦੇ 8082 ਨਵੇਂ ਮਾਮਲੇ ਸਾਹਮਣੇ ਆਏ ਹਨ। ਇਹ ਇੱਕ ਦਿਨ ਪਹਿਲਾਂ ਆਏ ਮਾਮਲਿਆਂ ਦੀ ਗਿਣਤੀ ਦੇ ਕਰੀਬ ਹਨ। ਬੀ.ਐੱਮ.ਸੀ. ਦੀ ਜਾਣਕਾਰੀ ਮੁਤਾਬਕ ਇਨ੍ਹਾਂ 8082 ਮਰੀਜ਼ਾਂ ਵਿੱਚੋਂ 7272 ਜੋ ਕਿ 90 ਫੀਸਦੀ ਹਨ ਉਨ੍ਹਾਂ ਵਿੱਚ ਕੋਈ ਲੱਛਣ ਨਹੀਂ ਪਾਏ ਗਏ। ਇਨ੍ਹਾਂ ਵਿੱਚੋਂ ਸਿਰਫ਼ 71 ਮਰੀਜ਼ਾਂ ਨੂੰ ਆਕਸੀਜਨ ਦੀ ਲੋੜ ਸੀ। ਮੁੰਬਈ ਵਿੱਚ ਕੁੱਲ 30565 ਬੈੱਡ ਉਪਲਬਧ ਹਨ, ਜਿਨ੍ਹਾਂ ਵਿੱਚੋਂ 3735 ਭਰੇ ਹੋਏ ਹਨ। ਇਹ ਕੁੱਲ ਬੈੱਡਾਂ ਦਾ ਸਿਰਫ਼ 12 ਫ਼ੀਸਦੀ ਹੈ। ਪਿਛਲੇ 24 ਘੰਟਿਆਂ ਦੌਰਾਨ, ਮੁੰਬਈ ਵਿੱਚ 622 ਮਰੀਜ਼ ਠੀਕ ਹੋਏ ਹਨ ਅਤੇ ਪਿਛਲੇ 24 ਘੰਟਿਆਂ ਵਿੱਚ 49,283 ਕੋਵਿਡ ਟੈਸਟ ਕੀਤੇ ਗਏ ਹਨ। ਭਾਰਤ ਵਿੱਚ ਕੋਵਿਡ ਟਾਸਕਫੋਰਸ ਦੇ ਮੁਖੀ ਡਾਕਟਰ ਐਨ. ਕੇ. ਅਰੋੜਾ ਨੇ ਕਿਹਾ ਹੈ ਕਿ ਕੋਰੋਨਾ ਦੀ ਤੀਜੀ ਲਹਿਰ ਨੇ ਦਸਤਕ ਦੇ ਦਿੱਤੀ ਹੈ। ਦਿੱਲੀ, ਮੁੰਬਈ ਅਤੇ ਕੋਲਕਾਤਾ ਵਰਗੇ ਮਹਾਨਗਰਾਂ ਵਿੱਚ ਓਮੀਕਰੋਨ ਦੇ 75 ਫੀਸਦੀ ਕੇਸ ਮਿਲ ਰਹੇ ਹਨ, ਜੋ ਇਸ ਵੇਰੀਐਂਟ ਦੇ ਪ੍ਰਕੋਪ ਨੂੰ ਦਰਸਾਉਂਦਾ ਹੈ।
ਮੁੰਬਈ ‘ਚ ਹੁਣ ਤੱਕ ਕੋਰੋਨਾ ਦੇ 8.07 ਲੱਖ ਤੋਂ ਵੱਧ ਮਾਮਲੇ ਸਾਹਮਣੇ ਆ ਚੁੱਕੇ ਹਨ, ਜਿਨ੍ਹਾਂ ‘ਚੋਂ 93 ਫੀਸਦੀ ਮਰੀਜ਼ ਠੀਕ ਹੋ ਚੁੱਕੇ ਹਨ। ਬੀ. ਐੱਮ. ਸੀ. ਦੇ ਅਨੁਸਾਰ ਮੁੰਬਈ ਵਿੱਚ ਕੋਰੋਨਾ ਦੇ ਕੇਸ 138 ਦਿਨਾਂ ਵਿੱਚ ਦੁੱਗਣੇ ਹੋ ਰਹੇ ਹਨ। ਗੰਭੀਰ ਜਾਂ ਦਰਮਿਆਨੇ ਪੱਧਰ ਦੇ ਲੱਛਣਾਂ ਵਾਲੇ ਮਰੀਜ਼ਾਂ ਦੀ ਗਿਣਤੀ 17,915 ਹੋ ਗਈ ਹੈ। ਮੁੰਬਈ ਵਿੱਚ 11 ਜ਼ੋਨ ਸਰਗਰਮ ਹਨ। ਜਦੋਂ ਕਿ ਕੋਵਿਡ ਦੇ ਕਲੱਸਟਰ ਕਾਰਨ 318 ਇਮਾਰਤਾਂ ਨੂੰ ਸੀਲ ਕੀਤਾ ਗਿਆ ਹੈ। ਪਿਛਲੇ 24 ਘੰਟਿਆਂ ਦੌਰਾਨ 20,747 ਲੋਕਾਂ ਦੀ ਸੰਪਰਕ ਟਰੇਸਿੰਗ ਕੀਤੀ ਗਈ ਹੈ।
ਮੁੰਬਈ ਸਮੇਤ ਪੂਰੇ ਮਹਾਰਾਸ਼ਟਰ ‘ਚ ਪਿਛਲੇ ਕੁਝ ਦਿਨਾਂ ‘ਚ ਕੋਰੋਨਾ ਦੇ ਮਾਮਲਿਆਂ ‘ਚ ਵੱਡਾ ਉਛਾਲ ਆਇਆ ਹੈ। ਮਹਾਰਾਸ਼ਟਰ ਵਿੱਚ ਕੁੱਲ 11877 ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ ‘ਚੋਂ ਇਕੱਲੇ ਮੁੰਬਈ ‘ਚ 8 ਹਜ਼ਾਰ ਤੋਂ ਵੱਧ ਨਵੇਂ ਕੋਰੋਨਾ ਮਰੀਜ਼ ਮਿਲੇ ਹਨ। ਦੇਸ਼ ਵਿੱਚ ਓਮੀਕਰੋਨ ਦੇ ਮਾਮਲਿਆਂ ਵਿੱਚ ਵੀ ਮਹਾਰਾਸ਼ਟਰ ਸਭ ਤੋਂ ਅੱਗੇ ਹੈ। ਰਾਜ ਵਿੱਚ 500 ਤੋਂ ਵੱਧ ਓਮੀਕਰੋਨ ਦੇ ਮਾਮਲੇ ਸਾਹਮਣੇ ਆਏ ਹਨ।