1984 sikh genocide: 1984 ਦੇ ਕਤਲੇਆਮ ਪੀੜਤ ਪਰਿਵਾਰ ਜ਼ੋ ਕਿ 1984 ਤੋਂ ਅੱਜ ਤੱਕ ਲਗਭਗ 38 ਸਾਲਾਂ ਬਾਅਦ ਵੀ ਹਾਲੇ ਤੱਕ ਦਰ ਦਰ ਦੀਆਂ ਠੋਕਰਾਂ ਖਾ ਰਹੇ ਹਨ। ਅੱਜ ਤੱਕ ਜਿੰਨੀਆਂ ਵੀ ਸਰਕਾਰਾਂ ਬਣੀਆਂ ਇਹਨਾਂ ਪੀੜਤ ਪਰਿਵਾਰਾਂ ਨੂੰ ਲਾਰੀਆਂ ਤੋਂ ਸਿਵਾਏ ਕੁਝ ਨਹੀਂ ਮਿਲਿਆ। ਅੱਜ ਵੀ ਇਹ ਪੀੜਤ ਪਰਿਵਾਰ ਬੁਰੇ ਹਾਲਾਤਾਂ ਵਿੱਚ ਰਹਿ ਰਹੇ ਹਨ। ਇਸ ਸਬੰਧੀ ਇਹ ਪਰਿਵਾਰ ਜੱਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਅੱਗੇ ਮੰਗ ਪੱਤਰ ਲੈ ਕੇ ਪਹੁੰਚੇ। ਉਨ੍ਹਾਂ ਅਕਾਲ ਤਖ਼ਤ ਸਾਹਿਬ ਵਿਖੇ ਗਿਆਨੀ ਜੀ ਨਾਲ ਮਿਲ ਕੇ ਆਪਣੇ ਦਰਪੇਸ਼ ਆ ਰਹੀਆਂ ਮੁਸ਼ਕਿਲਾਂ ਰੱਖੀਆ ਤਾਂ ਜ਼ੋ ਸਰਕਾਰ ‘ਤੇ ਦਬਾਅ ਬਣਾ ਕੇ ਇਹਨਾਂ ਪੀੜਤ ਪਰਿਵਾਰਾਂ ਨੂੰ ਆ ਰਹੀਆਂ ਮੁਸ਼ਕਿਲਾਂ ਦਾ ਹੱਲ ਕੱਢਿਆ ਜਾ ਸਕੇ।
ਮੀਡੀਆ ਨਾਲ ਗੱਲਬਾਤ ਕਰਦਿਆਂ 1984 ਦੇ ਕਤਲੇਆਮ ਪੀੜਤ ਪਰਿਵਾਰਾਂ ਨੇ ਦੱਸਿਆ ਕਿ ਅਸੀਂ ਅੱਜ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਮੰਗ ਪੱਤਰ ਦੇਣ ਆਏ ਹਾਂ। ਉਨ੍ਹਾਂ ਕਿਹਾ ਕਿ ਸਾਡੇ ਵੱਲੋਂ ਅੱਜ ਸਿੰਘ ਜੀ ਨੂੰ ਮੰਗ ਪੱਤਰ ਦਿੱਤਾ ਗਿਆ ਹੈ ਤੇ ਉਨ੍ਹਾਂ ਵੱਲੋਂ ਵੀ ਸਾਨੂੰ ਭਰੋਸਾ ਦਵਾਇਆ ਗਿਆ ਹੈ ਕਿ ਸਰਕਾਰ ਨਾਲ ਗੱਲ ਕਰ ਉਹ ਸਾਡੇ ਨਾਲ ਜੁੜੇ ਹਰ ਮਸਲੇ ਹੱਲ ਕਰਵਾਉਣ ਦੀ ਕੋਸ਼ਿਸ਼ ਕਰਨਗੇ। ਉਨ੍ਹਾਂ ਕਿਹਾ ਕਿ ਸਾਡੇ ਵੱਲੋਂ ਗਿਆਨੀ ਜੀ ਨੂੰ ਇਹ ਵੀ ਬੇਨਤੀ ਕੀਤੀ ਗਈ ਹੈ ਕਿ ਜੇਕਰ ਤੁਹਾਡੇ ਸਮਝਾਏ ‘ਤੇ ਵੀ ਸਰਕਾਰ ਨਹੀਂ ਸਮਝਦੀ ਤਾਂ ਸਾਨੂੰ ਅਗਲਾ ਸੰਗਰਸ਼ ਕਰਨਾ ਪਵੇਗਾ। ਅਸੀਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਕੋਠੀ ਦਾ ਘਿਰਾਓ ਕਰਾਂਗੇ ਤੇ 5 ਬੀਬੀਆਂ ਤੇ 5 ਬੰਦਿਆਂ ਵੱਲੋਂ ਆਤਮਦਾਹ ਕੀਤਾ ਜਾਵੇਗਾ ਕਿਉਂਕਿ ਹੁਣ ਸਾਨੂੰ ਇਸ ਤੋਂ ਅੱਗੇ ਕੁੱਝ ਨਹੀਂ ਦਿਖਾਈ ਦੇ ਰਿਹਾ। ਉਨ੍ਹਾਂ ਕਿਹਾ ਕਿ ਬਰਦਾਸ਼ਤ ਦੀ ਹੱਦ ਹੁੰਦੀ ਹੈ ਹੁਣ ਇਹ ਬਰਦਾਸ਼ਤ ਤੋਂ ਬਾਹਰ ਹੋ ਗਿਆ ਹੈ।