ਪੰਜਾਬ ਵਿਧਾਨ ਸਭਾ ਦੇ ਪ੍ਰਸ਼ਨ ਕਾਲ ‘ਚ ਨਵੀਂ ਤੇ ਨਵਿਆਉਣ ਯੋਗ ਊਰਜਾ ਸਰੋਤ ਮੰਤਰੀ ਅਮਨ ਅਰੋੜਾ ਨੇ ਦੱਸਿਆ ਕਿ ਖੇਤੀ ਸੈਕਟਰ ‘ਚ ਕਿਸਾਨਾਂ ਨੂੰ 90 ਹਜ਼ਾਰ ਨਵੇਂ ਸੌਰ ਊਰਜਾ ਪੰਪ ਜਾਰੀ ਕੀਤੇ ਜਾਣਗੇ ਜਿਸ ‘ਚੋਂ ਪਹਿਲੇ ਪੜਾਅ ‘ਚ 20 ਹਜ਼ਾਰ ਪੰਪ ਦਿੱਤੇ ਜਾਣੇ ਹਨ ਜਿਨ੍ਹਾਂ ‘ਤੇ 60 ਫੀਸਦੀ ਸਬਸਿਡੀ ਹੈ।ਦੂਜੇ ਪੜਾਅ ਤਹਿਤ 70 ਹਜ਼ਾਰ ਪੰਪ ਜਾਰੀ ਕੀਤੇ ਜਾਣਗੇ।ਸ਼ੁਤਰਾਣਾ ਤੋਂ ਵਿਧਾਇਕ ਕੁਲਵੰਤ ਸਿੰਘ ਬਾਜ਼ੀਗਰ ਵਲੋਂ ਪੁੱਛੇ ਸਵਾਲ ਦੇ ਜਵਾਬ ‘ਚ ਬਿਜਲੀ ਮੰਤਰੀ ਹਰਭਜਨ ਸਿੰਘ ਨੇ ਦੱਸਿਆ ਕਿ ਘੱਗਰ ‘ਚੋਂ ਫਾਲਤੂ ਪਾਣੀ ਲਿਫਟ ਕਰਨ ਵਾਸਤੇ ਬਿਜਲੀ ਕੁਨੈਕਸ਼ਨ ਦੇਣ ਦੀ ਕੋਈ ਤਜਵੀਜ਼ ਨਹੀਂ ਹੈ।
ਕੈਬਨਿਟ ਮੰਤਰੀ ਅਰੋੜਾ ਨੇ ਇਸ ਸਵਾਲ ਦੇ ਸੰਦਰਭ ‘ਚ ਦੱਸਿਆ ਕਿ ਬਿਜਲੀ ਕੁਨੈਕਸ਼ਨਾਂ ਦੀ ਥਾਂ ਸੋਲਰ ਕੁਨੈਕਸ਼ਨ ਬਦਲ ਬਣ ਸਕਦੇ ਹਨ।ਡਾਰਕ ਜ਼ੋਨ ‘ਚ ਫੁਹਾਰਾ ਅਤੇ ਤੁਪਕਾ ਸਿੰਚਾਈ ਪ੍ਰਣਾਲੀ ਦੀ ਵਰਤੋਂ ਕਰਨ ਵਾਲੇ ਕਿਸਾਨਾਂ ਨੂੰ ਇਹ ਸੋਲਰ ਪੰਪ ਦਿੱਤੇ ਜਾਣੇ ਹਨ।ਖੁਰਾਕ ਤੇ ਸਪਲਾਈ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਮਨਜਿੰਦਰ ਸਿੰਘ ਲਾਲਪੁਰਾ ਦੇ ਸਵਾਲ ਦੇ ਜਵਾਬ ‘ਚ ਦੱਸਿਆ ਕਿ ਬੀਪੀਐਲ ਪਰਿਵਾਰਾਂ ਲਈ ਹੁਣ ਰਾਸ਼ਨ ਕਾਰਡ ਬਣਾਏ ਜਾਣ ਦੀ ਸਹੂਲਤ ਨਹੀਂ ਹੈ।ਇਹ ਪਰਿਵਾਰ ਹਾੜ੍ਹੀ ਦੇ ਸੀਜ਼ਨ ਮਗਰੋਂ ਨਵੇਂ ਰਾਸ਼ਨ ਕਾਰਡ ਲਈ ਅਪਲਾਈ ਕਰ ਸਕਦੇ ਹਨ।ਵਿਧਾਇਕ ਨਰੇਸ਼ ਕਟਾਰੀਆ ਵਲੋਂ ਪੁੱਛੇ ਸਵਾਲ ਦੇ ਜਵਾਬ ‘ਚ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਨੇ ਦੱਸਿਆ ਕਿ ਬਠਿੰਡਾ ਅੰਮ੍ਰਿਤਸਰ ਸੜਕ ‘ਤੇ ਮਖੂ ‘ਚ ਰੇਲਵੇ ਓਵਰ ਬਰਿਜ ਬਣਾਉਣ ਦਾ ਕੰਮ ਜਲਦ ਸ਼ੁਰੂ ਹੋਵੇਗਾ।
ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਨੇ ਗੁਰਦਿਤ ਸਿੰਘ ਸੇਖੋਂ ਦੇ ਸਵਾਲ ਦ ਸੰਦਰਭ ‘ਚ ਕਿਹਾ ਕਿ ਫਰੀਦਕੋਟ ਦੇ ਘੰਟਾ ਘਰ ਕੋਲ ਸੜਕ ਦਾ ਲੈਵਲ ਫੁਟਪਾਥ ਦੇ ਬਰਾਬਰ ਕਰਨ ਵਾਸਤੇ ਤਖਮੀਨਾ ਪ੍ਰਵਾਨਗੀ ਲਈ ਭੇਜਿਆ ਜਾਵੇਗਾ ਤਾਂ ਕਿ ਇਸ ਘੰਟਾ ਘਰ ਦੀ ਇਮਾਰਤ ਦੀ ਸੁੰਦਰਤਾ ਨੂੰ ਕਾਇਮ ਰੱਖਿਆ ਜਾ ਸਕੇ।